“ਗੈਂਗਸਟਰਾਂ ‘ਤੇ ਵਾਰ” ਮੁਹਿੰਮ ਹੇਠ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਜਬਰੀ ਵਸੂਲੀ ਅਤੇ ਫਾਇਰਿੰਗ ਮਾਮਲੇ ‘ਚ 5 ਹੋਰ ਗ੍ਰਿਫਤਾਰ
Punjab Police Action; ਖੰਨਾ ਪੁਲਿਸ ਨੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਜਬਰੀ ਵਸੂਲੀ, ਧਮਕੀਆਂ ਅਤੇ ਫਾਇਰਿੰਗ ਮਾਮਲੇ ਵਿੱਚ 5 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।
ਇਹ ਮਾਮਲਾ ਥਾਣਾ ਪਾਇਲ ਵਿੱਚ ਦਰਜ ਮੁਕੱਦਮਾ ਨੰਬਰ 67 ਮਿਤੀ 25.03.2026 ਨਾਲ ਸੰਬੰਧਿਤ ਹੈ। ਜਾਣਕਾਰੀ ਅਨੁਸਾਰ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਵਪਾਰੀ ਹਰਿਸ਼ ਚੰਦਰ ਉਰਫ ਨੋਨਾ ਦੀ ਆੜਤ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਘਟਨਾ ਜਬਰੀ ਵਸੂਲੀ ਅਤੇ ਧਮਕੀਆਂ ਦੇਣ ਵਾਲੇ ਗਿਰੋਹ ਨਾਲ ਜੁੜੀ ਹੋਈ ਸੀ। ਪੁਲਿਸ ਪਹਿਲਾਂ ਹੀ ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਸੀ। ਅਗਲੀ ਕਾਰਵਾਈ ਕਰਦਿਆਂ ਟੈਕਨੀਕਲ ਸਹਾਇਤਾ ਅਤੇ ਸੁਚਨਾ ਦੇ ਆਧਾਰ ‘ਤੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਹਰਦੀਪ ਸਿੰਘ ਉਰਫ ਲਾਡੀ ਉਰਫ ਆਜ਼ਾਦ ਸਿੰਘ ਵਾਸੀ ਮੰਜਾਲੀ ਕਲਾ, ਮੁਹੰਮਦ ਸ਼ਫੀਕ, ਮੁਹੰਮਦ ਰਫੀਕ, ਸ਼ਰੀਫ ਅਲੀ ਅਤੇ ਰੌਬਿਨ ਸ਼ਾਮਲ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫਾਇਰਿੰਗ ਲਈ ਵਰਤੇ ਗਏ ਹਥਿਆਰ ਹਰਦੀਪ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਸਨ ਅਤੇ ਹੋਰ ਦੋਸ਼ੀਆਂ ਵੱਲੋਂ ਉਸਨੂੰ ਓਟ ਦਿੱਤੀ ਗਈ ਸੀ।
ਖੰਨਾ ਪੁਲਿਸ ਅਤੇ ਲੁਧਿਆਣਾ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਰੌਬਿਨ ਨੂੰ ਕਾਬੂ ਕਰਕੇ ਉਸਦੇ ਪਾਸੋਂ 2 ਪਿਸਟਲ .32 ਬੋਰ (ਜਿਗਾਨਾ), 1 ਪਿਸਟਲ ਗਲੋਕ 9 ਐਮਐਮ ਸਮੇਤ 2 ਕਾਰਤੂਸ, 1 ਦੇਸੀ ਪਿਸਟਲ .30 ਬੋਰ ਸਮੇਤ 10 ਕਾਰਤੂਸ ਅਤੇ 1 ਦੇਸੀ ਪਿਸਟਲ .32 ਬੋਰ ਸਮੇਤ 3 ਕਾਰਤੂਸ ਬਰਾਮਦ ਕੀਤੇ ਗਏ। ਇਹ ਹਥਿਆਰ ਪਾਇਲ ਵਿੱਚ ਹੋਈ ਫਾਇਰਿੰਗ ਵਿੱਚ ਵਰਤੇ ਗਏ ਸਨ।
ਇਸ ਸਬੰਧ ਵਿੱਚ ਇਕ ਹੋਰ ਮੁਕੱਦਮਾ ਨੰਬਰ 101 ਮਿਤੀ 23.04.2026 ਅਧੀਨ ਅਸਲਾ ਐਕਟ ਥਾਣਾ ਸਦਰ ਲੁਧਿਆਣਾ ਵਿੱਚ ਵੀ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਸਾਰੇ ਗ੍ਰਿਫਤਾਰ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਗੈਂਗਸਟਰ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ।