ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ: ਟੇਕਆਫ ਦੌਰਾਨ Swiss Airlines ਦੇ ਜਹਾਜ਼ ਨੂੰ ਲੱਗੀ ਅੱਗ; ਐਮਰਜੈਂਸੀ ਸਲਾਈਡਾਂ ਰਾਹੀਂ ਕੱਢੇ ਗਏ ਯਾਤਰੀ
Delhi Airport Incident: ਦਿੱਲੀ ਦੇ ਆਈ.ਜੀ.ਆਈ (IGI) ਹਵਾਈ ਅੱਡੇ ‘ਤੇ ਸ਼ਨੀਵਾਰ ਰਾਤ ਸਵਿਸ ਏਅਰਲਾਈਨਜ਼ ਦੀ ਫਲਾਈਟ LX147 ਵਿੱਚ ਉਡਾਣ ਭਰਨ ਸਮੇਂ ਤਕਨੀਕੀ ਖਰਾਬੀ ਆ ਗਈ। ਇਹ ਜਹਾਜ਼ ਦਿੱਲੀ ਤੋਂ ਜ਼ਿਊਰਿਖ (ਸਵਿਟਜ਼ਰਲੈਂਡ) ਲਈ ਰਵਾਨਾ ਹੋਣ ਵਾਲਾ ਸੀ। ਰਾਤ ਲਗਭਗ 1:08 ਵਜੇ ਜਦੋਂ ਜਹਾਜ਼ ਰਨਵੇਅ ‘ਤੇ ਤੇਜ਼ ਰਫ਼ਤਾਰ ਵਿੱਚ ਸੀ, ਤਾਂ ਇਸਦੇ ਇੱਕ ਇੰਜਣ ਵਿੱਚ ਅਚਾਨਕ ਖਰਾਬੀ ਆ ਗਈ ਅਤੇ ਅੱਗ ਲੱਗ ਗਈ।
ਪਾਇਲਟ ਨੇ ਦਿਖਾਈ ਮੁਸਤੈਦ
ਜਿਵੇਂ ਹੀ ਜਹਾਜ਼ ਦੇ ਖੱਬੇ ਪਾਸੇ ਲੈਂਡਿੰਗ ਗੀਅਰ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ, ਪਾਇਲਟ ਨੇ ਤੁਰੰਤ ‘ਐਮਰਜੈਂਸੀ ਬ੍ਰੇਕ’ ਲਗਾ ਕੇ ਜਹਾਜ਼ ਨੂੰ ਰਨਵੇਅ ‘ਤੇ ਹੀ ਰੋਕ ਲਿਆ। ਸੂਤਰਾਂ ਅਨੁਸਾਰ, ਅੱਗ ਲੱਗਣ ਦੀ ਖ਼ਬਰ ਨਾਲ ਜਹਾਜ਼ ਦੇ ਅੰਦਰ ਯਾਤਰੀਆਂ ਵਿੱਚ ਭਾਜੜ ਮਚ ਗਈ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਐਮਰਜੈਂਸੀ ਸਲਾਈਡਾਂ (Inflatable slides) ਦੀ ਵਰਤੋਂ ਕੀਤੀ ਅਤੇ ਸਾਰੇ ਯਾਤਰੀਆਂ ਨੂੰ ਰਨਵੇਅ ‘ਤੇ ਸੁਰੱਖਿਅਤ ਉਤਾਰਿਆ। ਇਸ ਭੱਜ-ਦੌੜ ਦੌਰਾਨ 6 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖ਼ਬਰ ਹੈ।
ਏਅਰਲਾਈਨ ਦਾ ਬਿਆਨ
ਸਵਿਸ ਏਅਰਲਾਈਨਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਘਟਨਾ ਦੀ ਪੁਸ਼ਟੀ ਕੀਤੀ ਹੈ। ਏਅਰਲਾਈਨ ਨੇ ਦੱਸਿਆ ਕਿ ਇਹ ਜਹਾਜ਼ ਏਅਰਬੱਸ A330 ਸੀ। ਕੰਪਨੀ ਦੀਆਂ ਸਥਾਨਕ ਟੀਮਾਂ ਯਾਤਰੀਆਂ ਦੀ ਸਹੂਲਤ ਲਈ ਹਵਾਈ ਅੱਡੇ ‘ਤੇ ਮੌਜੂਦ ਹਨ। ਏਅਰਲਾਈਨ ਨੇ ਕਿਹਾ ਹੈ ਕਿ ਸਵਿਟਜ਼ਰਲੈਂਡ ਤੋਂ ਇੱਕ ਵਿਸ਼ੇਸ਼ ਜਾਂਚ ਟੀਮ ਜਲਦੀ ਹੀ ਦਿੱਲੀ ਪਹੁੰਚੇਗੀ ਤਾਂ ਜੋ ਇਸ ਤਕਨੀਕੀ ਖਰਾਬੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਭਾਵਿਤ ਯਾਤਰੀਆਂ ਦੇ ਰਹਿਣ ਅਤੇ ਦੂਜੀ ਫਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।