ਬਣ ਗਏ 5 ਨਵੇਂ ਜ਼ਿਲ੍ਹੇ ! ਜਾਰੀ ਹੋ ਗਿਆ ਨੋਟੀਫਿਕੇਸ਼ਨ, ਲੱਦਾਖ ‘ਚ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ
ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ-ਰਾਜਪਾਲ ਵੀ.ਕੇ. ਸਕਸੈਨਾ ਨੇ ਸੋਮਵਾਰ ਨੂੰ ਇੱਕ ਵੱਡਾ ਪ੍ਰਸ਼ਾਸਨਿਕ ਫੈਸਲਾ ਲੈਂਦਿਆਂ 5 ਨਵੇਂ ਜ਼ਿਲ੍ਹੇ ਬਣਾਉਣ ਦੇ ਅਧਿਕਾਰਤ ਨੋਟੀਫਿਕੇਸ਼ਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਲੱਦਾਖ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ ਹੈ।
LG ਸਕਸੈਨਾ ਦੁਆਰਾ ਮਨਜ਼ੂਰ ਕੀਤੇ ਗਏ 5 ਨਵੇਂ ਜ਼ਿਲ੍ਹਿਆਂ ‘ਚ ਨੁਬਰਾ, ਸ਼ਾਮ, ਚਾਂਗਥਾਂਗ, ਜ਼ਾਂਸਕਰ ਤੇ ਦਰਾਸ਼ ਸ਼ਾਮਲ ਹਨ। ਇਸ ਤੋਂ ਪਹਿਲਾਂ ਲੱਦਾਖ ਵਿੱਚ ਸਿਰਫ਼ ਦੋ ਜ਼ਿਲ੍ਹੇ ਲੇਹ ਅਤੇ ਕਾਰਗਿਲ ਸਨ। 5 ਨਵੇਂ ਜ਼ਿਲ੍ਹੇ ਬਣਨ ਮਗਰੋਂ ਹੁਣ ਲੱਦਾਖ ਵਿੱਚ ਕੁੱਲ 7 ਜ਼ਿਲ੍ਹੇ ਹੋ ਗਏ ਹਨ।
ਲੱਦਾਖ ਦੇ ਉਪ-ਰਾਜਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇਕ ਪੋਸਟ ਸਾਂਝੀ ਕਰਦਿਆਂ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਜ਼ਿਲ੍ਹੇ ਬਣਨ ਨਾਲ ਪ੍ਰਸ਼ਾਸਨ ਲੋਕਾਂ ਦੇ ਹੋਰ ਨੇੜੇ ਪਹੁੰਚ ਸਕੇਗਾ ਅਤੇ ਸਰਕਾਰੀ ਸਕੀਮਾਂ ਦਾ ਲਾਭ ਦੂਰ-ਦੁਰਾਡੇ ਦੇ ਖੇਤਰਾਂ ਤੱਕ ਆਸਾਨੀ ਨਾਲ ਪਹੁੰਚ ਸਕੇਗਾ। ਇਸ ਤੋਂ ਇਲਾਵਾ ਇਹ ਫੈਸਲਾ ਲੋਕਾਂ ਲਈ ਰੁਜ਼ਗਾਰ, ਉੱਦਮਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਨਵੇਂ ਮੌਕੇ ਪੈਦਾ ਕਰੇਗਾ। LG ਨੇ ਅੱਗੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਅਤੇ ਖੁਸ਼ਹਾਲ ਲੱਦਾਖ’ ਦੇ ਵਿਜ਼ਨ ਨੂੰ ਹੁਲਾਰਾ ਦੇਵੇਗਾ।