ਚਿੰਤਪੁਰਨੀ ਤੋਂ ਵਾਪਸ ਆ ਰਹੀ ਕਾਰ ਖੰਡ ‘ਚ ਡਿੱਗੀ, ਦੋਵੇਂ ਸ਼ਰਧਾਲੂਆਂ ਦੀ ਮੌਤ
Chintpurni Car Accident: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਚਿੰਤਪੁਰਨੀ-ਹੁਸ਼ਿਆਰਪੁਰ ਮਾਰਗ ‘ਤੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਬੇਕਾਬੂ ਹੋ ਕੇ ਲਗਭਗ 150 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਖੱਡ ਵਿੱਚ ਡਿੱਗਦੇ ਹੀ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਾਰ ਸਵਾਰ ਇੱਕ ਨੌਜਵਾਨ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ, ਜਦਕਿ ਦੂਜੇ ਦੀ ਖੱਡ ਵਿੱਚ ਡਿੱਗਣ ਕਾਰਨ ਜਾਨ ਚਲੀ ਗਈ।
ਟਾਇਰ ਫਟਣ ਕਾਰਨ ਹਾਦਸੇ ਦੀ ਅੰਸ਼ਕਾ
ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਨੂੰ ਭਰਵੈਨ ਨੇੜੇ ਵਾਪਰਿਆ। ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਠੀਕ ਪਹਿਲਾਂ ਇੱਕ ਜ਼ੋਰਦਾਰ ਧਮਾਕਾ ਸੁਣਿਆ ਗਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚਲਦੀ ਕਾਰ ਦਾ ਟਾਇਰ ਫਟਣ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਵੀ ਕਾਰ ਸਿੱਧੀ ਸੜਕ ਤੋਂ ਪਲਟ ਕੇ ਖੱਡ ਵਿੱਚ ਡਿੱਗਦੀ ਦਿਖਾਈ ਦੇ ਰਹੀ ਹੈ।
ਲੁਧਿਆਣਾ ਦੇ ਦੋਵੇਂ ਸਰਧਾਲੂਆ ਦੀ ਮੌਤ
ਹਾਦਸੇ ਦਾ ਸ਼ਿਕਾਰ ਹੋਈ ਮਾਰੂਤੀ ਸਵਿਫਟ ਕਾਰ ਦਾ ਨੰਬਰ PB-10-K-7531 ਹੈ, ਜੋ ਕਿ ਲੁਧਿਆਣਾ (ਪੰਜਾਬ) ਵਿੱਚ ਰਜਿਸਟਰਡ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਆਧਾਰ ਕਾਰਡ ਬਰਾਮਦ ਹੋਇਆ ਹੈ, ਜਿਸ ‘ਤੇ ਤਾਜਪੁਰ ਰੋਡ, ਲੁਧਿਆਣਾ ਦਾ ਪਤਾ ਲਿਖਿਆ ਹੋਇਆ ਹੈ। ਹਾਲਾਂਕਿ, ਮ੍ਰਿਤਕਾਂ ਦੀ ਅਧਿਕਾਰਤ ਪਛਾਣ ਲਈ ਪੁਲਿਸ ਵੱਲੋਂ ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਮੌਕੇ ਤੇਂ ਫਾਇਰ ਬ੍ਰਿਗੇਡ ਪਹੁੰਚੀ
ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ, ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਪੁਲਿਸ ਨੂੰ ਇੱਕ ਪੀੜਤ ਦੀ ਲਾਸ਼ ਕਾਰ ਤੋਂ ਬਾਹਰ ਮਿਲੀ, ਜਦਕਿ ਦੂਜੀ ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ ਕਾਰ ਦੇ ਅੰਦਰੋਂ ਬਰਾਮਦ ਹੋਈ।
ਭਰਵੈਨ-ਹੁਸ਼ਿਆਰਪੁਰ ਸੜਕ ਆਪਣੀਆਂ ਖਤਰਨਾਕ ਢਲਾਣਾਂ ਅਤੇ ਤਿੱਖੇ ਮੋੜਾਂ ਲਈ ਜਾਣੀ ਜਾਂਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।