ਪੰਜਾਬ ਦੇ ਮਸ਼ਹੂਰ ਲੇਖਕ ‘ਪ੍ਰੀਤ ਸੰਦਲ’ ਵਲੋਂ ਖੁਦਕੁਸ਼ੀ: ਧੀ ਦੀ ‘ਕੰਟਰੈਕਟ ਮੈਰਿਜ’ ਨੇ ਲਈ ਜਾਨ
Preet Sandal Suicide: ਲੁਧਿਆਣਾ ਦੇ ਪਿੰਡ ਮਕਸੂਦਰਾ ਦੇ ਵਸਨੀਕ ਅਤੇ ਪ੍ਰਸਿੱਧ ਲੇਖਕ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਸਾਹਿਤਕ ਜਗਤ ਵਿੱਚ ‘ਪ੍ਰੀਤ ਸੰਦਲ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਪ੍ਰੀਤ ਸੰਦਲ ਕੈਨੇਡਾ ਵਿੱਚ ਰਹਿੰਦੀ ਆਪਣੀ ਧੀ ਨੂੰ ‘ਕੰਟਰੈਕਟ ਮੈਰਿਜ’ ਦੇ ਗੁੰਝਲਦਾਰ ਜਾਲ ਅਤੇ ਮੁਲਜ਼ਮਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਸਨ।
ਉਸੇ ਸਥਾਨ ‘ਤੇ ਤਿਆਗੀ ਦੇਹ, ਜਿੱਥੋਂ ਸ਼ੁਰੂ ਹੋਇਆ ਸੀ ਕਲਾਤਮਕ ਸਫ਼ਰ
ਪਰਿਵਾਰ ਅਨੁਸਾਰ ਹਰਪ੍ਰੀਤ ਸਿੰਘ ਬੀਤੀ ਸਵੇਰ ਘਰੋਂ ਨਿਕਲੇ ਸਨ ਅਤੇ ਉਨ੍ਹਾਂ ਦੀ ਲਾਸ਼ ਪਿੰਡ ਦੇ ਬਾਹਰਵਾਰ ਇੱਕ ਧਾਰਮਿਕ ਅਸਥਾਨ ਕੋਲੋਂ ਬਰਾਮਦ ਹੋਈ। ਦੋਸਤਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਉਹੀ ਥਾਂ ਹੈ ਜਿੱਥੇ ਬੈਠ ਕੇ ਉਨ੍ਹਾਂ ਨੇ ਆਪਣੀ ਲੇਖਣੀ ਦਾ ਸਫ਼ਰ ਸ਼ੁਰੂ ਕੀਤਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕੀ ਹੈ ਪੂਰਾ ਵਿਵਾਦ?
ਪਰਿਵਾਰਿਕ ਮੈਬਰਾਂ ਅਤੇ ਸੁਸਾਇਡ ਨੋਟ ਅਨੁਸਾਰ ,ਲਗਭਗ ਤਿੰਨ ਸਾਲ ਪਹਿਲਾਂ ਹਰਪ੍ਰੀਤ ਦੀ ਧੀ ਅਨਮੋਲਪ੍ਰੀਤ ਕੌਰ ਦਾ ਵਿਆਹ ਅੰਮ੍ਰ੍ਤਸਰ ਦੇ ਜਸਕਰਨ ਸਿੰਘ ਨਾਲ ਇੱਕ ‘ਕੰਟਰੈਕਟ’ ਤਹਿਤ ਹੋਇਆ ਸੀ ਤਾਂ ਜੋ ਉਹ ਕੈਨੇਡਾ ਜਾ ਸਕੇ। ਪਰ ਬਾਅਦ ਵਿੱਚ ਜਸਕਰਨ ਦਾ ਵੀਜ਼ਾ ਰੱਦ ਹੋਣ ਕਾਰਨ ਦੋਸ਼ੀ ਧਿਰ ਨੇ ਹਰਪ੍ਰੀਤ ਸਿੰਘ ਤੋਂ 22 ਲੱਖ ਰੁਪਏ ਦੀ ਨਜਾਇਜ਼ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਮੁਲਜ਼ਮ ਨੇ ਧੀ ਦੇ ਬੈਂਕ ਖਾਤੇ ਵਿੱਚੋ ਖਾਲੀ ਚੈਕਾ ਰਾਹੀਂ ਵੱਡੀ ਰਕਮ ਵੀ ਕਢਵਾਈ ਸੀ।
ਪੁਲਿਸ ਕਾਰਵਾਈ ਅਤੇ FIR
ਪਾਇਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ਅਤੇ ਸੁਸਾਈਡ ਨੋਟ ਦੇ ਆਧਾਰ ‘ਤੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 108 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹਨ:
- ਜਸਕਰਨ ਸਿੰਘ (ਪਤੀ) – ਵਾਸੀ ਜੱਬੋਵਾਲ, ਅੰਮ੍ਰਿਤਸਰ।
- ਸਤਕਾਰ ਸਿੰਘ (ਚਾਚਾ) – ਵਾਸੀ ਨਵਾਂ ਚੰਦਨਕੇ।
- ਕੰਵਲਜੀਤ ਸਿੰਘ (ਟ੍ਰੈਵਲ ਏਜੰਟ)।
ਇਨਸਾਫ਼ ਲਈ ਉੱਠੀ ਆਵਾਜ਼
ਇਸ ਦੁਖਦਾਈ ਘਟਨਾ ਤੋਂ ਬਾਅਦ ਸਾਹਿਤਕ ਜਗਤ ਵਿੱਚ ਭਾਰੀ ਰੋਸ ਹੈ। ਲੇਖਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ‘ਪ੍ਰੀਤ ਸੰਦਲ ਇਨਸਾਫ ਪ੍ਰਾਪਤੀ ਸੰਘਰਸ਼ ਕਮੇਟੀ’ ਦਾ ਗਠਨ ਕੀਤਾ ਹੈ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ ਦਾ ਐਲਾਨ ਭੋਗ ਸਮਾਗਮ ਦੌਰਾਨ ਕੀਤਾ ਜਾਵੇਗਾ। ਐਸ.ਐਚ.ਓ. ਪਰਵਿੰਦਰ ਬੇਦੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।