ਦਰਦਨਾਕ ਹਾਦਸਾ! ਹਾਈ ਵੋਲਟੇਜ ਕਰੰਟ ਨਾਲ ਨੌਜਵਾਨ ਦੀ ਮੌਤ
Gurdaspur accident news; ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭਿਖਾਰੀ ਹਾਰਨੀਆਂ ਵਿੱਚ ਇੱਕ ਦੁੱਖਦਾਈ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਹਾਈ ਵੋਲਟੇਜ ਬਿਜਲੀ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਦਾ ਰਹਿਣ ਵਾਲਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਦੁਪਹਿਰ ਸਮੇਂ ਇੰਦਰਜੀਤ ਸਿੰਘ ਆਪਣੇ ਸਾਥੀਆਂ ਨਾਲ ਆਉਣ ਵਾਲੇ ਕ੍ਰਿਕਟ ਟੂਰਨਾਮੈਂਟ ਲਈ ਗਰਾਉਂਡ ਦੇ ਚਾਰ ਚੁਫੇਰੇ ਨੈਟ ਲਗਾ ਰਿਹਾ ਸੀ। ਇਸ ਦੌਰਾਨ ਉਸ ਦੇ ਹੱਥ ਵਿੱਚ ਫੜਿਆ ਲੋਹੇ ਦਾ ਪਾਈਪ ਗਰਾਉਂਡ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ।
ਟਕਰਾਉਂਦੇ ਹੀ ਜ਼ੋਰਦਾਰ ਧਮਾਕਾ ਹੋਇਆ ਅਤੇ ਇੰਦਰਜੀਤ ਸਿੰਘ ਕਰੰਟ ਦੀ ਚਪੇਟ ਵਿੱਚ ਆ ਗਿਆ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਰੰਟ ਲੱਗਣ ਕਾਰਨ ਉਸਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ਸੀ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਉਸਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸਦੇ ਬਾਵਜੂਦ ਪਰਿਵਾਰ ਵੱਲੋਂ ਉਸਦੀ ਜਾਨ ਬਚਾਉਣ ਦੀ ਆਸ ਵਿੱਚ ਰਵਾਇਤੀ ਤਰੀਕੇ ਅਪਣਾਉਂਦੇ ਹੋਏ ਉਸਦੇ ਸਰੀਰ ਨੂੰ ਜ਼ਮੀਨ ਵਿੱਚ ਖੱਡਾ ਖੋਦ ਕੇ ਦੱਬਿਆ ਗਿਆ।
ਇੰਦਰਜੀਤ ਸਿੰਘ ਇੰਡੇਨ ਗੈਸ ਏਜੰਸੀ ਕਾਹਨੂੰਵਾਨ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਕਰਦਾ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਸੱਤ ਮਹੀਨਿਆਂ ਦੇ ਬੱਚੇ ਨੂੰ ਛੱਡ ਗਿਆ ਹੈ।
ਸੂਚਨਾ ਮਿਲਣ ‘ਤੇ ਕਾਹਨੂੰਵਾਨ ਪੁਲਿਸ ਮੌਕੇ ‘ਤੇ ਪਹੁੰਚੀ, ਪਰ ਮ੍ਰਿਤਕ ਦੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਘਟਨਾ ਨੇ ਪਿੰਡ ਵਿੱਚ ਗਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।