ਫ਼ਤਹਿਗੜ੍ਹ ਸਾਹਿਬ ‘ਚ ਮਹਿਲਾ ਡਾਕਟਰ ਸੁਸਾਈਡ ਮਾਮਲੇ ‘ਚ ਵੱਡਾ ਖੁਲਾਸਾ, ਪਤੀ ਸਮੇਤ ਸੱਸ-ਸਹੁਰੇ ‘ਤੇ ਲੱਗੇ ਗੰਭੀਰ ਇਲਜ਼ਾਮ
Fatehgarh Sahib lady doctor suicide Case; ਬਠਿੰਡਾ ਦੀ ਰਹਿਣ ਵਾਲੀ ਇੱਕ ਹੋਣਹਾਰ ਧੀ ਦੀ ਮੌਤ ਨੇ ਹਰ ਕਿਸੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਆਪਣੇ ਹੁਨਰ ਅਤੇ ਮਿਹਨਤ ਦੇ ਸਹਾਰੇ ਡਾਕਟਰ ਬਣੀ ਡਾਕਟਰ ਰਿਆ ਨੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਪਸੰਦ ਦੇ ਸਾਥੀ ਇਸ਼ਾਂਕ ਨਾਲ ਵਿਆਹ ਕਰਵਾਇਆ ਸੀ। ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਇਹ ਵਿਆਹ ਸ਼ੁਰੂ ਵਿੱਚ ਖੁਸ਼ੀਆਂ ਨਾਲ ਭਰਿਆ ਦਿਖਾਈ ਦੇ ਰਿਹਾ ਸੀ, ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਗਿਆ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਰਿਆ ਨੂੰ ਦਾਜ ਦਹੇਜ ਅਤੇ ਹੋਰ ਮੰਗਾਂ ਨੂੰ ਲੈ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਇੰਨ੍ਹਾਂਹੀ ਨਹੀਂ, ਉਸ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਤਸ਼ੱਦਦ ਤੋਂ ਤੰਗ ਆ ਕੇ ਰਿਆ ਆਪਣੇ ਪਤੀ ਤੋਂ ਵੱਖ ਰਹਿਣ ਲੱਗ ਪਈ ਸੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਰਕਾਰੀ ਡਾਕਟਰ ਵਜੋਂ ਡਿਊਟੀ ਕਰ ਰਹੀ ਸੀ।
ਫ਼ਤਹਿਗੜ੍ਹ ਸਾਹਿਬ ਵਿੱਚ ਸਰਕਾਰੀ ਕੁਆਟਰ ਵਿੱਚ ਰਹਿ ਰਹੀ ਡਾਕਟਰ ਰਿਆ ਨੇ ਪਿਛਲੇ ਦਿਨੀਂ ਫੰਦਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦਕਿ ਪਰਿਵਾਰ ਨੇ ਇਸ ਨੂੰ ਸਿਰਫ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਿਆ ਨੂੰ ਇਤਨਾ ਮਾਨਸਿਕ ਤੌਰ ‘ਤੇ ਤੰਗ ਕੀਤਾ ਗਿਆ ਕਿ ਉਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਡਾਕਟਰ ਰਿਆ ਦੇ ਪਤੀ ਇਸ਼ਾਂਕ, ਸੱਸ ਅਤੇ ਸਹੁਰੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਕਰ ਰਿਹਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨੇ ਆਪਣੀ ਮਿਹਨਤ ਨਾਲ ਡਾਕਟਰ ਬਣ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਸੀ, ਪਰ ਵਿਆਹ ਤੋਂ ਬਾਅਦ ਉਸਦੀ ਜ਼ਿੰਦਗੀ ਨਰਕ ਬਣ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ਵਿੱਚ ਕੀ ਸੱਚ ਸਾਹਮਣੇ ਆਉਂਦਾ ਹੈ ਅਤੇ ਰਿਆ ਦੇ ਪਰਿਵਾਰ ਨੂੰ ਇਨਸਾਫ ਕਦੋਂ ਮਿਲਦਾ ਹੈ।