ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ: ਪਾਕਿਸਤਾਨੀ ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 6 ਪਿਸਤੌਲ ਸਣੇ 5 ਕਾਬੂ
Amritsar Police: ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੇ ਹਥਿਆਰ ਤਸਕਰੀ ਮਾਡਿਊਲ ਦਾ ਡੰਡਾਫੋੜ ਕੀਤਾ ਹੈ। ਐਂਟੀ ਨਾਰਕੋਟਿਕ ਆਪਰੇਸ਼ਨ ਸੈਲ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ 5 ਵਿਆਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 6 ਆਧੁਨਿਕ ਪਿਸਤੌਲ ਅਤੇ 14 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਮੁੱਖ ਮੁਲਜ਼ਮ ਦਾ ਪਾਕਿਸਤਾਨੀ ਕੁਨੈਕਸ਼ਨ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਹਰਮਨਦੀਪ ਸਿੰਘ, ਮਨੀਸ਼ ਸਿੰਘ, ਕਿਸ਼ਨ ਸਿੰਘ ਅਤੇ ਇੱਕ ਨਾਬਾਲਿਗ ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਆਕਾਸ਼ਦੀਪ ਪਾਕਿਸਤਾਨੀ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਇਹ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਅਟਾਰੀ ਸੈਕਟਰ ਵਿੱਚ ਸੁੱਟੇ ਜਾਂਦੇ ਸਨ, ਜਿਨ੍ਹਾਂ ਨੂੰ ਆਕਾਸ਼ਦੀਪ ਅੱਗੇ ਅਪਰਾਧਿਕ ਗੈਂਗਾਂ ਤੱਕ ਪਹੁੰਚਾਉਂਦਾ ਸੀ।
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਫਿਰ ਹੋਇਆ ਸਰਗਰਮ
ਆਕਾਸ਼ਦੀਪ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਉਹ ਸਾਲ 2020 ਵਿੱਚ 2 ਕਿਲੋ ਹੈਰੋਇਨ ਮਾਮਲੇ ਵਿੱਚ ਜੇਲ੍ਹ ਗਿਆ ਸੀ ਅਤੇ ਹਾਲ ਹੀ ਵਿੱਚ 23 ਮਾਰਚ 2026 ਨੂੰ ਜ਼ਮਾਨਤ ‘ਤੇ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਦੇ ਕੁਝ ਹੀ ਦਿਨਾਂ ਵਿੱਚ ਉਸ ਨੇ ਆਪਣਾ ਨੈੱਟਵਰਕ ਮੁੜ ਸਰਗਰਮ ਕਰ ਲਿਆ।
ਨੌਜਵਾਨਾਂ ਨੂੰ ਦਿੱਤਾ ਪੈਸੇ ਦਾ ਲਾਲਚ
ਹੈਰਾਨੀ ਦੀ ਗੱਲ ਇਹ ਹੈ ਕਿ ਆਕਾਸ਼ਦੀਪ ਨੇ ਆਪਣੇ ਇਲਾਕੇ ਦੇ ਮਿਹਨਤ-ਮਜ਼ਦੂਰੀ ਅਤੇ ਪਲੰਬਰੀ ਦਾ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਜਲਦੀ ਅਮੀਰ ਹੋਣ ਦਾ ਲਾਲਚ ਦੇ ਕੇ ਇਸ ਕਾਲੇ ਧੰਦਾ ਵਿੱਚ ਸ਼ਾਮਲ ਕੀਤਾ ਸੀ। ਇਸ ਗਰੁੱਪ ਵਿੱਚ ਇਕ ਨਾਬਾਲਿਗ ਸ਼ਾਮਲ ਹੈ। ਪੁਲਿਸ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਤਾਂ ਜੋ ਉਹ ਅਪਰਾਧ ਦੀ ਦੁਨੀਆ ਵਿੱਚ ਨਾ ਜਾਣ।