ਪੰਜਾਬ ‘ਚ ਮੌਸਮ ਨੇ ਲਈ ਕਰਵਟ: ਤੇਜ਼ ਹਵਾਵਾਂ ਤੇ ਮੀਂਹ ਨਾਲ ਮਿਲੀ ਗਰਮੀ ਤੋਂ ਰਾਹਤ
Punjab Weather Update: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਦੇਰ ਸ਼ਾਮ ਮੌਸਮ ਦੇ ਮਿਜ਼ਾਜ ਬਦਲ ਗਏ। ਦਿਨ ਵੇਲੇ ਧੁੱਪ ਤੋਂ ਬਾਅਦ ਅਚਾਨਕ ਛਾਏ ਕਾਲੇ ਬੱਦਲਾਂ ਅਤੇ ਤੇਜ਼ ਹਵਾਵਾਂ ਨੇ ਤਾਪਮਾਨ ਵਿੱਚ ਗਿਰਾਵਟ ਲਿਆਂਦੀ ਹੈ। ਕਈ ਇਲਾਕਿਆਂ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਹਾਲਾਂਕਿ ਤੇਜ਼ ਹਵਾਵਾਂ ਕਾਰਨ ਕੁਝ ਥਾਵਾਂ ‘ਤੇ ਧੂੜ ਭਰਿਆ ਤੂਫ਼ਾਨ ਵੀ ਦੇਖਣ ਨੂੰ ਮਿਲਿਆ।
ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ,ਹੁਸ਼ਿਆਰਪੁਰ ਅਤੇ ਰੂਪਨਗਰ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਅਗਲੇ 24 ਘੰਟਿਆਂ ਦੌਰਾਨ ਇਨ੍ਹਾ ਖੇਤਰਾਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ , ਗਰਜ- ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਫਰੀਦਕੋਟ ਸਭ ਤੋਂ ਗਰਮ:
ਤਾਪਮਾਨ ਦੀ ਗੱਲ ਕਰੀਏ ਤਾਂ ਫਰੀਦਕੋਟ 43 ਡਿਗਰੀ ਸੈਲਸੀਅਸ ਨਾਲ ਰਾਜ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਬਠਿੰਡਾ ਵਿੱਚ ਵੀ ਪਾਰਾ 40 ਡਿਗਰੀ ਦੇ ਪਾਰ ਪਹੁੰਚ ਗਿਆ। ਦੂਜੇ ਪਾਸੇ, ਚੰਡੀਗੜ੍ਹ ਵਿੱਚ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਘੱਟ ਹੈ।
ਪੱਛਮੀ ਗੜਬੜੀ ਦਾ ਅਸਰ:
ਮੌਸਮ ਮਾਹਿਰਾਂ ਅਨੁਸਾਰ ਉੱਤਰੀ ਪਾਕਿਸਤਾਨ ਵਿੱਚ ਇੱਕ ਪੱਛਮੀ ਗੜਬੜੀ (Western Disturbance) ਸਰਗਰਮ ਹੈ। ਇਸ ਤੋਂ ਇਲਾਵਾ 15 ਮਈ ਤੋਂ ਇੱਕ ਹੋਰ ਵੀ ਨਵੀਂ ਗੜਬੜੀ ਉੱਤਰ-ਪੱਛਮੀ ਵਿੱਚ ਦਸਤਕ ਦੇਵੇਗੀ, ਜਿਸ ਕਾਰਨ 16 ਮਈ ਤੱਕ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਆਮ ਨਾਲੋਂ 12% ਵੱਧ ਮੀਂਹ:
ਇਸ ਸਾਲ ਮਈ ਮਹੀਨੇ ਦੇ ਪਹਿਲੇ 12 ਦਿਨਾਂ ਵਿੱਚ ਪੰਜਾਬ ਵਿੱਚ ਆਮ ਨਾਲੋਂ 12% ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਫਿਰੋਜ਼ਪੁਰ ਅਤੇ ਮੋਹਾਲੀ ਵਿੱਚ ਸਭ ਤੋਂ ਵੱਧ ਬਾਰਿਸ਼ ਹੋਈ ਹੈ, ਜਦਕਿ ਮੁਕਤਸਰ ਅਤੇ ਜਲੰਧਰ ਵਰਗੇ ਜ਼ਿਲ੍ਹਿਆਂ ਵਿੱਚ ਅਜੇ ਵੀ ਸੋਕਾ ਬਰਕਰਾਰ ਹੈ।
ਅਗਲੇ 3 ਦਿਨਾਂ ਦਾ ਹਾਲ:
- 16 ਮਈ: ਪਠਾਨਕੋਟ, ਗੁਰਦਾਸਪੁਰ ਅਤੇ ਨਵਾਂਸ਼ਹਿਰ ਸਮੇਤ ਕਈ ਇਲਾਕਿਆਂ ‘ਚ ਬੱਦਲਵਾਈ ਤੇ ਬਾਰਿਸ਼।
- 14 ਮਈ: ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਮੀਂਹ ਤੇ ਤੇਜ਼ ਹਵਾਵਾਂ।
- 15 ਮਈ: ਮਾਝਾ ਅਤੇ ਦੋਆਬਾ ਖੇਤਰ (ਜਲੰਧਰ, ਕਪੂਰਥਲਾ ਆਦਿ) ‘ਚ ਹਲਕੇ ਮੀਂਹ ਦੀ ਸੰਭਾਵਨਾ।