ਪੰਜਾਬੀ ਭਾਸ਼ਾ ਹਟਾਉਣ ‘ਤੇ ਭੱਖਿਆ ਵਿਵਾਦ, MP ਮਾਲਵਿੰਦਰ ਕੰਗ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ
Punjab University Language Controversy; ਚੰਡੀਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਵਿਵਾਦ ਨੂੰ ਲੈ ਕੇ ਪੰਜਾਬ ਦੀ ਸਿਆਸਤ ਭੱਖ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਉਪ ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਸੀਪੀ ਰਾਧਾਕ੍ਰਿਸ਼ਨਨ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਹਰ ਸਾਈਨ ਬੋਰਡ ‘ਤੇ ਸਤਿਕਾਰ ਅਤੇ ਪ੍ਰਮੁੱਖਤਾ ਨਾਲ ਪੰਜਾਬੀ ਭਾਸ਼ਾ ਨੂੰ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ। “ਅਸੀਂ ਆਪਣੀ ਮਾਂ-ਬੋਲੀ ਨੂੰ ਆਪਣੇ ਸੰਸਥਾਨ ਤੋਂ ਮਿਟਾਉਣ ਦੀਆਂ ਕਿਸੇ ਵੀ ਯੋਜਨਾਬੱਧ ਕੋਸ਼ਿਸ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦੇਖ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੀ ਆਤਮਾ ਨੂੰ ਹਾਈਜੈਕ ਨਹੀਂ ਹੋਣ ਦਿੱਤਾ ਜਾਵੇਗਾ।”
ਕੰਗ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਣ ਅਤੇ ਪਛਾਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਜੋ ਕਿ ਇੱਕ ਵਾਰ ਫਿਰ ਆਪਣੀ ਆਤਮਾ ‘ਤੇ ਹੋ ਰਹੇ ਹਮਲੇ ਦਾ ਸਾਹਮਣਾ ਕਰ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਲਗਾਏ ਗਏ ਨਵੇਂ ਸਾਈਨ ਬੋਰਡਾਂ ਵਿੱਚ ਪੰਜਾਬੀ (ਗੁਰਮੁਖੀ) ਭਾਸ਼ਾ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ, ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਨੂੰ ਹੀ ਥਾਂ ਦਿੱਤੀ ਗਈ ਹੈ। ਇਹ ਕੋਈ ਗਲਤੀ ਨਹੀਂ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਪਛਾਣ ਅਤੇ ਇਸ ਧਰਤੀ ਦੀ ਮਾਂ-ਬੋਲੀ ਨੂੰ ਮਿਟਾਉਣ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਸਾਜ਼ਿਸ਼ ਹੈ।
ਪੰਜਾਬੀ ਨੂੰ ਮਿਟਾਉਣਾ ਕਿਸੇ ਸੰਸਥਾ ਦੀ ਪਛਾਣ ਮਿਟਾਉਣ ਵਰਗਾ – ਕੰਗ
ਮੈਂ ਇਹ ਪੱਤਰ ਭਾਰੀ ਦਿਲ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਲਿਖ ਰਿਹਾ ਹਾਂ। ਪੰਜਾਬ ਦੇ ਪੁੱਤਰ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਹੋਣ ਦੇ ਨਾਤੇ, ਇਹ ਯੂਨੀਵਰਸਿਟੀ ਮੇਰੀ ਜ਼ਿੰਦਗੀ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਸੰਸਥਾ ਨੇ ਮੈਨੂੰ ਆਪਣੇ ਖੇਤਰ ਦੇ ਮਾਣ ਲਈ ਅਗਵਾਈ ਅਤੇ ਸੇਵਾ ਸਿਖਾਈ ਹੈ। ਅੱਜ, ਮੈਂ ਤੁਹਾਡਾ ਧਿਆਨ ਇੱਕ ਅਜਿਹੇ ਮੁੱਦੇ ਵੱਲ ਖਿੱਚਣਾ ਚਾਹੁੰਦਾ ਹਾਂ ਜੋ ਇਸ ਮਹਾਨ ਸੰਸਥਾ ਦੀ ਆਤਮਾ ਵਿੱਚ ਡੂੰਘਾਈ ਨਾਲ ਜੜ੍ਹਾਂ ਰੱਖਦਾ ਹੈ।
ਮੈਨੂੰ ਜਾਣਕਾਰੀ ਮਿਲੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਿੰਦੀ ਅਤੇ ਅੰਗਰੇਜ਼ੀ ਵਾਲੇ ਨਵੇਂ ਸਾਈਨਬੋਰਡ ਅਤੇ ਨੇਮ ਪਲੇਟਸ ਲਗਾਈਆਂ ਹਨ, ਪਰ ਜਾਣਬੁੱਝ ਕੇ ਪੰਜਾਬੀ (ਗੁਰਮੁਖੀ) ਨੂੰ ਹਟਾ ਦਿੱਤਾ ਗਿਆ ਹੈ। ਜਿਸ ਯੂਨੀਵਰਸਿਟੀ ਦਾ ਨਾਮ ਅਤੇ ਪਛਾਣ ਪੰਜਾਬ ਦੇ ਸੱਭਿਆਚਾਰ ਅਤੇ ਮਿੱਟੀ ਨਾਲ ਡੂੰਘੀਆਂ ਜੁੜੀਆਂ ਹੋਣ, ਸਿਰਫ਼ ਇੱਕ ਪ੍ਰਸ਼ਾਸਕੀ ਚੂਕ ਨਹੀਂ ਹੈ, ਸਗੋਂ ਉਸ ਭਾਸ਼ਾ ਨੂੰ ਮਿਟਾਉਣ ਦੇ ਸਮਾਨ ਹੈ ਜੋ ਇਸ ਸੰਸਥਾ ਦੀ ਪਛਾਣ ਹੈ।
ਭਵਿੱਖ ਲਈ ਬਣਾਈ ਜਾਵੇ ਸਪੱਸ਼ਟ ਨੀਤੀ
ਮੈਂ ਸਮਝਦਾ ਹਾਂ ਕਿ ਦਿਵਆਂਗਾਂ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ, ਪਰ ਇਹ ਸਾਡੀ ਸੱਭਿਆਚਾਰਕ ਪਛਾਣ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ। ਸਾਰੇ ਸਾਈਨਬੋਰਡਾਂ ‘ਤੇ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਪੰਜਾਬੀ ਨੂੰ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਇਹ ਸਿਰਫ਼ ਭਾਸ਼ਾ ਦਾ ਮੁੱਦਾ ਨਹੀਂ ਹੈ, ਸਗੋਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸਕ ਚਰਿੱਤਰ ਅਤੇ ਖੇਤਰੀ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਮਾਮਲਾ ਹੈ।
ਇਸ ਲਈ, ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਦਖਲ ਦਿਓ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਹੇਠ ਲਿਖੀਆਂ ਹਦਾਇਤਾਂ ਜਾਰੀ ਕਰੋ: ਸਾਰੇ ਪੁਰਾਣੇ ਅਤੇ ਨਵੇਂ ਸਾਈਨਬੋਰਡਾਂ ‘ਤੇ ਪੰਜਾਬੀ (ਗੁਰਮੁਖੀ) ਨੂੰ ਤੁਰੰਤ ਸ਼ਾਮਲ ਕੀਤਾ ਜਾਵੇ। ਭਵਿੱਖ ਵਿੱਚ ਖੇਤਰੀ ਭਾਸ਼ਾਵਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਇਸ ਲਈ ਸਪਸ਼ਟ ਨੀਤੀ ਬਣਾਈ ਜਾਵੇ।
“ਇਸ ਵਿਵਾਦ ਨੂੰ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਅਤੇ ਕੈਂਪਸ ਵਿੱਚ ਸਦਭਾਵਨਾ ਬਣਾਈ ਰੱਖੀ ਜਾਵੇ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਹੇਠ, ਪੰਜਾਬ ਯੂਨੀਵਰਸਿਟੀ ਆਪਣੀ ਦਹਾਕਿਆਂ ਪੁਰਾਣੀ ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਨੂੰ ਸੁਰੱਖਿਅਤ ਰੱਖੇਗੀ।”