Banner
Banner

ਅੰਮ੍ਰਿਤਸਰ ‘ਚ ਦੋਧੀ ਯੂਨੀਅਨ ਦਾ ਅਨੋਖਾ ਪ੍ਰਦਰਸ਼ਨ, ਮਿਲਾਵਟਖੋਰੀ ਖਿਲਾਫ਼ ਡੀਸੀ ਦਫ਼ਤਰ ਅੱਗੇ ਸੜਕਾਂ ‘ਤੇ ਰੋੜਿਆ ਦੁੱਧ

Punjab News: ਦੋਧੀ ਯੂਨੀਅਨ ਅੰਮ੍ਰਿਤਸਰ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਮੈਂਬਰਾਂ ਨੇ ਸੜਕਾਂ ’ਤੇ ਦੁੱਧ ਰੋੜ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਸਿੰਥੈਟਿਕ ਦੁੱਧ, ਨਕਲੀ ਪਨੀਰ ਅਤੇ ਖੋਆ […]
Amritpal Singh
By : Updated On: 18 May 2026 14:28:PM
ਅੰਮ੍ਰਿਤਸਰ ‘ਚ ਦੋਧੀ ਯੂਨੀਅਨ ਦਾ ਅਨੋਖਾ ਪ੍ਰਦਰਸ਼ਨ, ਮਿਲਾਵਟਖੋਰੀ ਖਿਲਾਫ਼ ਡੀਸੀ ਦਫ਼ਤਰ ਅੱਗੇ ਸੜਕਾਂ ‘ਤੇ ਰੋੜਿਆ ਦੁੱਧ

Punjab News: ਦੋਧੀ ਯੂਨੀਅਨ ਅੰਮ੍ਰਿਤਸਰ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਮੈਂਬਰਾਂ ਨੇ ਸੜਕਾਂ ’ਤੇ ਦੁੱਧ ਰੋੜ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਸਿੰਥੈਟਿਕ ਦੁੱਧ, ਨਕਲੀ ਪਨੀਰ ਅਤੇ ਖੋਆ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਸਗੋਂ ਅਸਲੀ ਦੁੱਧ ਵੇਚਣ ਵਾਲੇ ਪਸ਼ੂ ਪਾਲਕਾਂ ਦਾ ਧੰਦਾ ਵੀ ਬਰਬਾਦ ਹੋ ਰਿਹਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਪ੍ਰਸ਼ਾਸਨ ਅਤੇ ਸਿਵਲ ਸਰਜਨ ਕੋਲ ਮੰਗ ਪੱਤਰ ਦੇ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਇਸ ਗੰਭੀਰ ਮਸਲੇ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕੀਤੇ ਗਏ, ਪਰ ਅੱਜ ਪਹਿਲੀ ਵਾਰ ਡੀਸੀ ਦਫ਼ਤਰ ਅੱਗੇ ਦੁੱਧ ਰੋੜ ਕੇ ਆਪਣਾ ਰੋਸ ਜਤਾਉਣਾ ਪਿਆ।

ਸ਼ਹਿਰ ‘ਚ ਨਕਲੀ ਦੁੱਧ ਦਾ ਕਾਰੋਬਾਰ ਧੜੱਲੇ ਨਾਲ ਚੱਲਣ ਦੇ ਲਾਏ ਇਲਜ਼ਾਮ

ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਿਵੇਂ ਅਜਨਾਲਾ ਰੋਡ, ਬਟਾਲਾ ਰੋਡ, ਫਤਿਹਗੜ੍ਹ ਚੂੜੀਆਂ ਰੋਡ ਅਤੇ ਮੀਰਾਂਕੋਟ ਇਲਾਕੇ ਵਿੱਚ ਨਕਲੀ ਦੁੱਧ ਅਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਖੁੱਲ੍ਹੇਆਮ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹ ਫੈਕਟਰੀਆਂ ਆਮ ਲੋਕਾਂ ਨੂੰ ਨਜ਼ਰ ਆ ਰਹੀਆਂ ਹਨ ਤਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਕਿਉਂ ਨਹੀਂ ਦਿਸਦੀਆਂ।

ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਅੱਜ ਮਾਰਕੀਟ ਵਿੱਚ 40 ਤੋਂ 55 ਰੁਪਏ ਕਿਲੋ ਤੱਕ ਨਕਲੀ ਦੁੱਧ ਅਤੇ 160 ਰੁਪਏ ਕਿਲੋ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ, ਜਦਕਿ ਅਸਲੀ ਦੁੱਧ ਅਤੇ ਪਨੀਰ ਦੀ ਲਾਗਤ ਇਸ ਤੋਂ ਕਾਫੀ ਵੱਧ ਹੈ। ਉਨ੍ਹਾਂ ਕਿਹਾ ਕਿ ਲੋਕ ਸਸਤੇ ਸਮਾਨ ਦੇ ਚੱਕਰ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਇਹ ਨਕਲੀ ਉਤਪਾਦ ਕੈਂਸਰ, ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ।

ਉਨ੍ਹਾਂ ਸਿਵਲ ਸਰਜਨ ’ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਯੂਨੀਅਨ ਮੈਂਬਰ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ “ਨਕਲੀ ਦੁੱਧ ਵਰਗੀ ਕੋਈ ਚੀਜ਼ ਨਹੀਂ ਹੁੰਦੀ।” ਯੂਨੀਅਨ ਨੇ ਇਸ ਬਿਆਨ ਨੂੰ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਬਰਾਬਰ ਕਰਾਰ ਦਿੱਤਾ।

ਦੋਧੀ ਯੂਨੀਅਨ ਨੇ ਮੰਗ ਕੀਤੀ ਕਿ ਨਕਲੀ ਦੁੱਧ ਅਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਤੁਰੰਤ ਛਾਪੇਮਾਰੀ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਮੁਹਿੰਮ ਚਲਾਈ ਜਾਵੇ।

Read Latest News and Breaking News at Daily Post TV, Browse for more News

Ad
Ad