Cockroach Janta Party: 24 ਘੰਟਿਆਂ ’ਚ ਹਜ਼ਾਰਾਂ ਫਾਲੋਅਰਜ਼ ਬਟੋਰਨ ਵਾਲੀ ‘ਕਾਕਰੋਚ ਜਨਤਾ ਪਾਰਟੀ’ ਦੀ ਕੀ ਹੈ ਅਸਲ ਕਹਾਣੀ?
Cockroach Janta Party: ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਅੱਜ-ਕੱਲ੍ਹ ਇੱਕ ਅਨੋਖੇ ਨਾਮ ਦੀ ਖ਼ੂਬ ਚਰਚਾ ਹੋ ਰਹੀ ਹੈ, ‘ਕਾਕਰੋਚ ਜਨਤਾ ਪਾਰਟੀ’ (Cockroach Janta Party)। ਇਹ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮਨ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖ਼ਰ ਇਹ ਕਿਹੋ ਜਿਹੀ ਪਾਰਟੀ ਹੈ, ਇਸ ਨੂੰ ਕਿਸ ਨੇ ਸ਼ੁਰੂ ਕੀਤਾ ਹੈ ਅਤੇ ਇਸ ਦਾ ਮੁੱਖ ਮਕਸਦ ਕੀ ਹੈ? ਦਿਲਚਸਪ ਗੱਲ ਇਹ ਹੈ ਕਿ ਇਸ ਡਿਜੀਟਲ ਪਾਰਟੀ ਨੂੰ ਵੱਡੇ-ਵੱਡੇ ਸਿਆਸਤਦਾਨਾਂ ਦਾ ਵੀ ਸਮਰਥਨ ਮਿਲ ਰਿਹਾ ਹੈ।
CJI ਦੇ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ
ਦਰਅਸਲ, ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ (CJI) ਸੂਰਿਆਕਾਂਤ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਚੀਫ਼ ਜਸਟਿਸ ਨੇ ਕਥਿਤ ਤੌਰ ’ਤੇ ਨੌਕਰੀਆਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਬੇਰੁਜ਼ਗਾਰਾਂ ਦੀ ਤੁਲਨਾ ‘ਕਾਕਰੋਚ’ (Cockroach) ਨਾਲ ਕਰ ਦਿੱਤੀ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਆਪਣੇ ਬਿਆਨ ’ਤੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਇਹ ਟਿੱਪਣੀ ‘ਫ਼ਰਜ਼ੀ ਡਿਗਰੀਆਂ’ ਵਾਲਿਆਂ ਲਈ ਕੀਤੀ ਸੀ, ਪਰ ਸੋਸ਼ਲ ਮੀਡੀਆ ’ਤੇ ਟ੍ਰੋਲਰਜ਼ ਅਤੇ ਮੀਮ ਬਣਾਉਣ ਵਾਲਿਆਂ ਨੇ ਇਸ ਮੁੱਦੇ ਨੂੰ ਹੱਥੋਂ ਨਹੀਂ ਜਾਣ ਦਿੱਤਾ।
ਕੀ ਹੈ ‘ਕਾਕਰੋਚ ਜਨਤਾ ਪਾਰਟੀ’?
ਇਹ ਕੋਈ ਅਸਲ ਜਾਂ ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਬਲਕਿ ‘ਐਕਸ’ (X) ’ਤੇ ਬਣਾਇਆ ਗਿਆ ਇੱਕ ਸਿਆਸੀ ਵਿਅੰਗ (Political Satire) ਵਾਲਾ ਹੈਂਡਲ ਹੈ, ਜੋ ਦੇਸ਼ ਦੀ ਸਿਆਸਤ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਤਨਜ਼ ਕੱਸ ਰਿਹਾ ਹੈ। ਇਸ ਪਾਰਟੀ ਦੇ ਬਾਇਓ (Bio) ਵਿੱਚ ਇਸ ਨੂੰ ‘ਨੌਜਵਾਨਾਂ ਦਾ ਰਾਜਨੀਤਿਕ ਮੋਰਚਾ’ ਦੱਸਿਆ ਗਿਆ ਹੈ, ਜੋ ‘ਨੌਜਵਾਨਾਂ ਲਈ ਅਤੇ ਨੌਜਵਾਨਾਂ ਦੁਆਰਾ’ ਦੀ ਸੋਚ ’ਤੇ ਕੰਮ ਕਰਦਾ ਹੈ। ਕਿਉਂਕਿ ਇਹ ਅਕਾਊਂਟ CJI ਦੇ ਬਿਆਨ ਤੋਂ ਤੁਰੰਤ ਬਾਅਦ ਹੋਂਦ ਵਿੱਚ ਆਇਆ ਹੈ, ਇਸ ਲਈ ਇਸ ਨੂੰ ਸਿੱਧਾ ਉਸੇ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪਾਰਟੀ ‘ਚ ਸ਼ਾਮਲ ਹੋਣ ਲਈ ਅਨੋਖੀ ਯੋਗਤਾ
ਇਸ ਡਿਜੀਟਲ ਪਾਰਟੀ ਦਾ ਮੈਂਬਰ ਬਣਨ ਲਈ ਕੁਝ ਬੇਹੱਦ ਮਜ਼ੇਦਾਰ ਸ਼ਰਤਾਂ ਰੱਖੀਆਂ ਗਈਆਂ ਹਨ। ਮੈਂਬਰ ਬਣਨ ਵਾਲਾ ਵਿਅਕਤੀ ਬੇਰੁਜ਼ਗਾਰ ਅਤੇ ਆਲਸੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਦਿਨ ਵਿੱਚ ਘੱਟੋ-ਘੱਟ 11 ਘੰਟੇ ਔਨਲਾਈਨ (ਸੋਸ਼ਲ ਮੀਡੀਆ ’ਤੇ) ਰਹਿੰਦਾ ਹੋਵੇ। ਇਸ ਹਾਸੋਹੀਣੇ ਅੰਦਾਜ਼ ਦੇ ਬਾਵਜੂਦ, ਤ੍ਰਿਣਮੂਲ ਕਾਂਗਰਸ (TMC) ਦੀ ਮੈਂਬਰ ਪਾਰਲੀਮੈਂਟ ਮਹੂਆ ਮੋਇਤਰਾ ਅਤੇ ਕੀਰਤੀ ਆਜ਼ਾਦ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਇਸ ਪੇਜ ਨੂੰ ਫਾਲੋ ਕਰਕੇ ਆਪਣਾ ਸਮਰਥਨ ਦਿੱਤਾ ਹੈ।
24 ਘੰਟਿਆਂ ਵਿੱਚ ਹਜ਼ਾਰਾਂ ਫਾਲੋਅਰਜ਼
ਇਸ ਪਾਰਟੀ ਵੱਲੋਂ ਕੀਤੇ ਜਾ ਰਹੇ ਸਿਆਸੀ ਵਿਅੰਗ ਲੋਕਾਂ ਨੂੰ ਇੰਨੇ ਪਸੰਦ ਆ ਰਹੇ ਹਨ ਕਿ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਇਸ ਹੈਂਡਲ ਦੇ ਹਜ਼ਾਰਾਂ ਫਾਲੋਅਰਜ਼ ਹੋ ਗਏ ਸਨ। ਮੌਜੂਦਾ ਸਮੇਂ ਇਸ ਅਕਾਊਂਟ ਨਾਲ 33,000 ਤੋਂ ਵੱਧ ਯੂਜ਼ਰਸ ਜੁੜ ਚੁੱਕੇ ਹਨ, ਜਿਨ੍ਹਾਂ ਨੂੰ ਇਹ ਪਾਰਟੀ ਮਜ਼ਾਕ ਵਿੱਚ ਅੱਗੋਂ ‘ਕਾਕਰੋਚ’ ਕਹਿ ਕੇ ਹੀ ਸੰਬੋਧਨ ਕਰਦੀ ਹੈ। ਸੋਸ਼ਲ ਮੀਡੀਆ ’ਤੇ ਇਹ ਪੇਜ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਅਤੇ ਸਿਸਟਮ ’ਤੇ ਤਿੱਖਾ ਹਮਲਾ ਕਰਨ ਦਾ ਇੱਕ ਨਵਾਂ ਹਥਿਆਰ ਬਣ ਗਿਆ ਹੈ।