ਪੰਜਾਬ ਦਾ ਗੌਰਵ ਬਣਿਆ ਗੁਰਨੂਰ ਬਰਾਰ, ਬਣਿਆ ਭਾਰਤ ਦਾ ਨਵਾਂ ODI ਸਟਾਰ, ਅਫਗਾਨਿਸਤਾਨ ਦੌਰੇ ਲਈ ਚੋਣ
Punjab cricketer Gurnoor Brar; ਪੰਜਾਬ ਦੇ ਨੌਜਵਾਨ ਕ੍ਰਿਕਟਰ ਗੁਰਨੂਰ ਬਰਾਰ ਨੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਗੁਰਨੂਰ ਦੀ ਚੋਣ ਭਾਰਤੀ ਟੀਮ ਨਾਲ ਅਫਗਾਨਿਸਤਾਨ ਦੌਰੇ ਲਈ ਓਡੀਆਈ ਕ੍ਰਿਕਟ ਵਿੱਚ ਹੋਈ ਹੈ। ਹਾਲਾਂਕਿ ਗੁਰਨੂਰ ਇਸ ਵੇਲੇ ਆਈਪੀਐਲ ਵਿੱਚ ਵਿਅਸਤ ਹਨ, ਪਰ ਉਨ੍ਹਾਂ ਦੇ ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪੁੱਤ ਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਸਾਂਝੀ ਕੀਤੀ।
ਗੁਰਨੂਰ ਦੀ ਮਾਤਾ ਮਨਿੰਦਰ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਦਾ ਰੁਝਾਨ ਕ੍ਰਿਕਟ ਵੱਲ ਸੀ। ਛੁੱਟੀਆਂ ਦੌਰਾਨ ਵੀ ਉਹ ਹਮੇਸ਼ਾ ਬੈਟ-ਬਾਲ ਨਾਲ ਖੇਡਦਾ ਰਹਿੰਦਾ ਸੀ। ਦਸਵੀਂ ਦੀ ਪੜ੍ਹਾਈ ਤੋਂ ਬਾਅਦ ਉਸਨੇ ਪੱਕੇ ਤੌਰ ‘ਤੇ ਕ੍ਰਿਕਟ ਨੂੰ ਹੀ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕਰ ਲਿਆ। ਸ਼ੁਰੂਆਤੀ ਦੌਰ ਵਿੱਚ ਪਰਿਵਾਰ ਨੂੰ ਕਾਫੀ ਚਿੰਤਾਵਾਂ ਰਹੀਆਂ, ਪਰ ਗੁਰਨੂਰ ਦੀ ਲਗਨ ਅਤੇ ਮਿਹਨਤ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਉਨ੍ਹਾਂ ਦੱਸਿਆ ਕਿ ਗੁਰਨੂਰ ਨੇ ਲਾਂਚਿੰਗ ਪੈਡ ਅਕੈਡਮੀ ਵਿੱਚ ਕੋਚ ਬ੍ਰਿੰਦਰ ਸਰ ਤੋਂ ਟ੍ਰੇਨਿੰਗ ਲਈ ਅਤੇ ਕੋਵਿਡ ਦੌਰਾਨ ਸਾਬਕਾ ਕ੍ਰਿਕਟਰ Yograj Singh ਤੋਂ ਵੀ ਕੋਚਿੰਗ ਹਾਸਲ ਕੀਤੀ। ਗੁਰਨੂਰ ਹਮੇਸ਼ਾ ਸਕਾਰਾਤਮਕ ਸੋਚ ਰੱਖਦਾ ਹੈ ਅਤੇ ਟੀਮ ਵਿੱਚ ਮੌਕਾ ਨਾ ਮਿਲਣ ‘ਤੇ ਵੀ ਕਦੇ ਨਿਰਾਸ਼ ਨਹੀਂ ਹੋਇਆ।
ਗੁਰਨੂਰ ਦੇ ਪਿਤਾ ਸੁਖਵੀਰ ਸਿੰਘ ਨੇ ਕਿਹਾ ਕਿ ਪੁੱਤ ਦਾ ਸੁਭਾਅ ਬਹੁਤ ਸਾਦਾ ਹੈ। ਉਹ ਹਮੇਸ਼ਾ ਸਿੱਖਣ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਵੱਡੇ ਖਿਡਾਰੀਆਂ ਤੋਂ ਪ੍ਰੇਰਣਾ ਲੈਂਦਾ ਹੈ। ਗੁਰਨੂਰ ਨੂੰ Virat Kohli, Rohit Sharma ਅਤੇ ਹੋਰ ਸੀਨੀਅਰ ਖਿਡਾਰੀਆਂ ਨਾਲ ਪ੍ਰੈਕਟਿਸ ਕਰਨ ਦਾ ਮੌਕਾ ਵੀ ਮਿਲ ਚੁੱਕਾ ਹੈ।
ਪਰਿਵਾਰ ਨੇ ਦੱਸਿਆ ਕਿ ਗੁਰਨੂਰ ਲਈ ਬਲੂ ਜਰਸੀ ਪਹਿਨਣਾ ਉਸਦਾ ਸਭ ਤੋਂ ਵੱਡਾ ਸੁਪਨਾ ਸੀ ਅਤੇ ਹੁਣ ਉਹ ਸੁਪਨਾ ਸੱਚ ਹੋਣ ਜਾ ਰਿਹਾ ਹੈ। ਇਸ ਖ਼ਬਰ ਤੋਂ ਬਾਅਦ ਮੁਕਤਸਰ ਅਤੇ ਪੂਰੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੂੰ ਲਗਾਤਾਰ ਵਧਾਈਆਂ ਦੇ ਫੋਨ ਆ ਰਹੇ ਹਨ ਅਤੇ ਲੋਕ ਗੁਰਨੂਰ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ।
ਗੁਰਨੂਰ ਦੀ ਮਾਂ ਨੇ ਕਿਹਾ ਕਿ ਉਹ ਸਿਰਫ਼ ਆਪਣੇ ਪੁੱਤ ਲਈ ਲੋਕਾਂ ਦੀਆਂ ਦੁਆਵਾਂ ਅਤੇ ਅਸ਼ੀਰਵਾਦ ਚਾਹੁੰਦੇ ਹਨ ਤਾਂ ਜੋ ਉਹ ਦੇਸ਼ ਲਈ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਭਾਰਤ ਦਾ ਨਾਮ ਹੋਰ ਉੱਚਾ ਕਰ ਸਕੇ।