ਦਿੱਲੀ ਹਵਾਈ ਅੱਡੇ ‘ਤੇ Air India Flight ਦੀ ਐਮਰਜੈਂਸੀ ਲੈਂਡਿੰਗ; ਇੰਜਣ ‘ਚ ਅੱਗ ਲੱਗਣ ਦਾ ਸ਼ੱਕ, ਟਲਿਆ ਵੱਡਾ ਹਾਦਸਾ, 160 ਤੋਂ ਵੱਧ ਯਾਤਰੀ ਸੁਰੱਖਿਅਤ
Bengaluru Delhi flight: ਬੰਗਲੁਰੂ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਵੀਰਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦਾ ਸ਼ੱਕ ਪੈਦਾ ਹੋ ਗਿਆ। ਖ਼ਤਰੇ ਨੂੰ ਦੇਖਦੇ ਹੋਏ ਪਾਇਲਟਾਂ ਨੇ ਬੇਹੱਦ ਮੁਸਤੈਦੀ ਦਿਖਾਈ ਅਤੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਏਅਰ ਇੰਡੀਆ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, ਇਹ ਘਟਨਾ ਏਅਰਬੱਸ A320 ਜਹਾਜ਼ (ਫਲਾਈਟ ਨੰਬਰ AI2802) ਨਾਲ ਵਾਪਰੀ ਹੈ।
ਜਾਣਕਾਰੀ ਅਨੁਸਾਰ, ਜਦੋਂ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਲੈਂਡ ਕਰਨ ਦੇ ਬਿਲਕੁਲ ਆਖਰੀ ਪੜਾਅ ‘ਚ ਸੀ, ਤਾਂ ਕਾਕਪਿਟ ਵਿੱਚ ਲੱਗੇ ਸਿਸਟਮ ਨੇ ਪਾਇਲਟਾਂ ਨੂੰ ਇੱਕ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਦਿੱਤਾ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਕਰੂ ਮੈਂਬਰਾਂ ਨੇ ਤੁਰੰਤ ਸੁਰੱਖਿਆ ਪ੍ਰੋਟੋਕੋਲ ਦਾ ਪਾਲਣ ਕੀਤਾ ਅਤੇ ਜਹਾਜ਼ ਨੂੰ ਰਨਵੇਅ ‘ਤੇ ਸੁਰੱਖਿਅਤ ਉਤਾਰ ਲਿਆ।
ਸਾਰੇ ਯਾਤਰੀ ਸਹੀ-ਸਲਾਮਤ
ਸੂਤਰਾਂ ਮੁਤਾਬਕ ਇਸ ਫਲਾਈਟ ਵਿੱਚ 160 ਤੋਂ ਵੱਧ ਮੁਸਾਫ਼ਰ ਅਤੇ ਕਰੂ ਮੈਂਬਰ ਸਵਾਰ ਸਨ। ਲੈਂਡਿੰਗ ਤੋਂ ਤੁਰੰਤ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਲਾਈਵ ਫਲਾਈਟ ਟ੍ਰੈਕਿੰਗ ਵੈੱਬਸਾਈਟ ‘Flightradar24.com’ ਦੇ ਅੰਕੜਿਆਂ ਅਨੁਸਾਰ ਜਹਾਜ਼ ਨੇ ਰਾਤ ਦੇ ਕਰੀਬ 9:30 ਵਜੇ ਦਿੱਲੀ ਵਿੱਚ ਲੈਂਡ ਕੀਤਾ।
ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਜਣ ਵਿੱਚ ਸੱਚਮੁੱਚ ਅੱਗ ਲੱਗੀ ਸੀ ਜਾਂ ਇਹ ਕੋਈ ਤਕਨੀਕੀ ਨੁਕਸ (ਫਾਲਸ ਅਲਾਰਮ) ਸੀ, ਇਸਦੀ ਪੂਰੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਏਅਰ ਇੰਡੀਆ ਨੇ ਰੈਗੂਲੇਟਰੀ ਅਥਾਰਟੀਆਂ ਨਾਲ ਮਿਲ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਅਰ ਇੰਡੀਆ ਨਾਲ ਵਾਪਰੀ ਇੱਕ ਹੋਰ ਘਟਨਾ; ਲੈਂਡਿੰਗ ਵੇਲੇ ਰਨਵੇਅ ਨਾਲ ਟਕਰਾਇਆ ਜਹਾਜ਼ ਦਾ ਪਿਛਲਾ ਹਿੱਸਾ
ਇਸੇ ਦੌਰਾਨ ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ ਨਾਲ ਵਾਪਰੀ ਘਟਨਾ ਵੀ ਸਾਹਮਣੇ ਆਈ ਹੈ। ਦਿੱਲੀ ਤੋਂ ਬੰਗਲੁਰੂ ਜਾ ਰਹੀ ਇੱਕ ਫਲਾਈਟ ਦੀ ਲੈਂਡਿੰਗ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾ ਗਿਆ (Tail Strike)। ਇਸ ਝਟਕੇ ਦੇ ਬਾਵਜੂਦ ਪਾਇਲਟਾਂ ਨੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਅਤੇ ਸਾਰੇ ਯਾਤਰੀ ਸਹੀ-ਸਲਾਮਤ ਬਾਹਰ ਆ ਗਏ।
ਵਾਰਦਾਤ ਤੋਂ ਤੁਰੰਤ ਬਾਅਦ ਜਹਾਜ਼ ਨੂੰ ਤਕਨੀਕੀ ਜਾਂਚ ਲਈ ਖੜ੍ਹਾ (ਗਰਾਊਂਡਿਡ) ਕਰ ਦਿੱਤਾ ਗਿਆ, ਜਿਸ ਕਾਰਨ ਬੰਗਲੁਰੂ ਤੋਂ ਦਿੱਲੀ ਜਾਣ ਵਾਲੀ ਵਾਪਸੀ ਦੀ ਫਲਾਈਟ (AI2652) ਨੂੰ ਰੱਦ ਕਰਨਾ ਪਿਆ ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਹਿਰਾਂ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਅੱਗੇ ਚੱਲ ਰਹੇ ਇੱਕ ਵੱਡੇ ਬੋਇੰਗ 747 ਜਹਾਜ਼ ਦੇ ਹਵਾ ਵਿੱਚ ਪੈਦਾ ਹੋਏ ਤੇਜ਼ ਦਬਾਅ (ਟਰਬੂਲੈਂਸ) ਕਾਰਨ ਇਹ ਸੰਤੁਲਨ ਵਿਗੜਿਆ ਸੀ। ਫਿਲਹਾਲ ਜਹਾਜ਼ ਦੇ ਢਾਂਚੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।