ਸਹੁਰੇ ਘਰ ਅੰਦਰ ਸ਼ੱਕੀ ਹਾਲਾਤ ‘ਚ ਲਟ/ਕਦੀ ਮਿਲੀ ਨਵ-ਵਿਆਹੁਤਾ ਦੀ ਲਾਸ਼; ਪੇਕੇ ਪਰਿਵਾਰ ਨੇ ਲਾਏ ਕਤਲ ਦੇ ਗੰਭੀਰ ਦੋਸ਼
Punjab Crime News: ਮਹਾਂਨਗਰ ਲੁਧਿਆਣਾ ਦੇ ਟਿੱਬਾ ਰੋਡ ‘ਤੇ ਸਥਿਤ ਗੁਲਾਬੀ ਬਾਗ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 24 ਸਾਲਾ ਨਵ-ਵਿਆਹੁਤਾ ਔਰਤ ਦੀ ਲਾਸ਼ ਉਸਦੇ ਘਰ ਦੇ ਅੰਦਰ ਛੱਤ ਵਾਲੇ ਪੱਖੇ ਨਾਲ ਲਟਕਦੀ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਆਰਤੀ ਕੁਮਾਰੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪੱਖ ‘ਤੇ ਕਤਲ ਕਰਨ ਦੇ ਸਿੱਧੇ ਅਤੇ ਗੰਭੀਰ ਦੋਸ਼ ਲਗਾਏ ਹਨ, ਜਦਕਿ ਸਹੁਰਾ ਪਰਿਵਾਰ ਇਸ ਨੂੰ ਖੁਦਕੁਸ਼ੀ ਦੱਸ ਰਿਹਾ ਹੈ। ਸੂਚਨਾ ਮਿਲਦੇ ਹੀ ਟਿੱਬਾ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਜੀਜੇ ਦੇ ਦੋਸਤ ਦਾ ਆਇਆ ਫ਼ੋਨ— “ਤੁਹਾਡੀ ਭੈਣ ਨੇ ਫਾਹਾ ਲੈ ਲਿਆ”
ਖਾਸੀ ਕਲਾਂ ਦੇ ਰਹਿਣ ਵਾਲੇ ਮ੍ਰਿਤਕਾ ਦੇ ਭਰਾ ਤੇਜੂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਭੈਣ ਆਰਤੀ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ 14 ਅਪ੍ਰੈਲ, 2025 ਨੂੰ ਗੁਲਾਬੀ ਬਾਗ ਦੇ ਰਹਿਣ ਵਾਲੇ ਜਤਿਨ ਨਾਲ ਹੋਇਆ ਸੀ। ਤੇਜੂ ਮੁਤਾਬਕ ਬੀਤੀ ਰਾਤ ਕਰੀਬ 9 ਵਜੇ ਉਸਨੂੰ ਉਸਦੇ ਜੀਜੇ ਦੇ ਇੱਕ ਦੋਸਤ ਦਾ ਫ਼ੋਨ ਆਇਆ, ਜਿਸਨੇ ਦੱਸਿਆ ਕਿ ਆਰਤੀ ਨੇ ਖੁਦਕੁਸ਼ੀ ਕਰ ਲਈ ਹੈ। ਇਹ ਖ਼ਬਰ ਸੁਣਦਿਆਂ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਉਹ ਭੱਜੇ-ਭੱਜੇ ਆਰਤੀ ਦੇ ਸਹੁਰੇ ਘਰ ਪਹੁੰਚੇ, ਤਾਂ ਉਸਦੀ ਲਾਸ਼ ਕਮਰੇ ਦੇ ਫਰਸ਼ ‘ਤੇ ਪਈ ਹੋਈ ਸੀ।
ਪੇਕੇ ਪਰਿਵਾਰ ਦੇ ਦੋਸ਼— “ਕਤਲ ਕਰਕੇ ਲਾਸ਼ ਪੱਖੇ ਨਾਲ ਲਟਕਾਈ”
ਮ੍ਰਿਤਕਾ ਦੀ ਮਾਂ ਅਤੇ ਭਰਾ ਤੇਜੂ ਨੇ ਦੋਸ਼ ਲਾਇਆ ਕਿ ਆਰਤੀ ਨੇ ਖੁਦਕੁਸ਼ੀ ਨਹੀਂ ਕੀਤੀ, ਬਲਕਿ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਬਾਅਦ ਵਿੱਚ ਪੱਖੇ ਨਾਲ ਲਟਕਾਇਆ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਦੇ ਪਹਿਲੇ ਦਿਨ ਤੋਂ ਹੀ ਆਰਤੀ ਨੂੰ ਉਸਦਾ ਪਤੀ, ਸੱਸ ਅਤੇ ਸਹੁਰਾ ਮਿਲ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਉਹ ਕਾਫ਼ੀ ਮਾਨਸਿਕ ਤਣਾਅ ਵਿੱਚ ਸੀ। ਆਰਤੀ ਦੀ ਮੌਤ ਤੋਂ ਬਾਅਦ ਉਸਦੇ ਜੱਦੀ ਘਰ ਖਾਸੀ ਕਲਾਂ ਵਿੱਚ ਮਾਤਮ ਛਾਇਆ ਹੋਇਆ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗਾ ਅਸਲ ਖੁਲਾਸਾ: ਪੁਲਿਸ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਮਾਮਲਾ ਸ਼ੁਰੂਆਤੀ ਤੌਰ ‘ਤੇ ਕਾਫ਼ੀ ਸ਼ੱਕੀ ਜਾਪਦਾ ਹੈ। ਪੇਕੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਜਿਸ ਦੇ ਆਧਾਰ ‘ਤੇ ਅੱਗੇ ਦੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।