IPL ‘ਚ “ਸਲਾਮ ਮੁੰਬਈ” ‘ਤੇ ਮਚਿਆ ਸਿਆਸੀ ਘਮਸਾਨ: BJP ਨੇ ਕਿਹਾ— ‘ਨਮਸਕਾਰ ਮੁੰਬਈ’ ਜਾਂ ‘ਜੈ ਮਹਾਰਾਸ਼ਟਰ’ ਲਿਖੋ
IPL Controversy: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਲਾਈਵ ਪ੍ਰਸਾਰਣ ਦੌਰਾਨ ਟੀਵੀ ਸਕ੍ਰੀਨ ‘ਤੇ ਦਿਖਾਏ ਗਏ ਇੱਕ ਸੰਦੇਸ਼ ਨੂੰ ਲੈ ਕੇ ਹੁਣ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਮੈਚਾਂ ਦੌਰਾਨ ਪ੍ਰਦਰਸ਼ਿਤ ਕੀਤੇ ਜਾ ਰਹੇ ਸ਼ਬਦ “ਸਲਾਮ ਮੁੰਬਈ” (Salaam Mumbai) ‘ਤੇ ਭਾਰਤੀ ਜਨਤਾ ਯੁਵਾ ਮੋਰਚਾ (BJYM) ਨੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਜਪਾ ਯੁਵਾ ਮੋਰਚਾ ਦੇ ਮੁੰਬਈ ਪ੍ਰਧਾਨ ਦੀਪਕ ਸਿੰਘ ਨੇ ਇਸ ਸਬੰਧੀ ਮੁੰਬਈ ਕ੍ਰਿਕਟ ਐਸੋਸੀਏਸ਼ਨ (MCA) ਦੇ ਪ੍ਰਧਾਨ ਅਜਿੰਕਿਆ ਨਾਈਕ ਨੂੰ ਇੱਕ ਅਧਿਕਾਰਤ ਪੱਤਰ ਲਿਖ ਕੇ ਇਸ ਸੰਦੇਸ਼ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ।
ਮੁੰਬਾ ਦੇਵੀ ਦੇ ਨਾਂ ‘ਤੇ ਹੈ ਸ਼ਹਿਰ, ਮਰਾਠੀ ਸੱਭਿਆਚਾਰ ਦਾ ਹੋਵੇ ਸਤਿਕਾਰ: BJP
ਐਮਸੀਏ (MCA) ਦੇ ਪ੍ਰਧਾਨ ਨੂੰ ਲਿਖੇ ਪੱਤਰ ਵਿੱਚ ਦੀਪਕ ਸਿੰਘ ਨੇ ਦਲੀਲ ਦਿੱਤੀ ਕਿ ਮੁੰਬਈ ਦੇਸ਼ ਦੀ ਆਰਥਿਕ ਅਤੇ ਮਹਾਰਾਸ਼ਟਰ ਦੀ ਰਾਜਧਾਨੀ ਹੈ, ਜਿਸਦੀ ਇਤਿਹਾਸਕ ਅਤੇ ਸੱਭਿਆਚਾਰਕ ਪਛਾਣ ਮਰਾਠੀ ਪਰੰਪਰਾਵਾਂ ਨਾਲ ਡੂੰਘੀ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਸ਼ਹਿਰ ਦਾ ਨਾਂ ਸਥਾਨਕ ਆਰਾਧਿਆ ਦੇਵੀ ‘ਮੁੰਬਾ ਦੇਵੀ’ ਦੇ ਨਾਮ ‘ਤੇ ਰੱਖਿਆ ਗਿਆ ਹੈ, ਇਸ ਲਈ ਕਿਸੇ ਵੀ ਕੌਮਾਂਤਰੀ ਜਾਂ ਜਨਤਕ ਪਲੇਟਫਾਰਮ ‘ਤੇ ਸ਼ਹਿਰ ਦੇ ਮੂਲ ਸੱਭਿਆਚਾਰਕ ਸੰਦਰਭ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਭਾਜਪਾ ਆਗੂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਆਈਪੀਐਲ ਅਤੇ ਹੋਰ ਕ੍ਰਿਕਟ ਮੈਚਾਂ ਦੌਰਾਨ “ਸਲਾਮ ਮੁੰਬਈ” ਵਰਗੇ ਉਰਦੂ/ਹਿੰਦੀ ਪ੍ਰਭਾਵ ਵਾਲੇ ਸ਼ਬਦਾਂ ਦੇ ਪ੍ਰਸਾਰਣ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇਸ ਦੀ ਬਜਾਏ ਮਹਾਰਾਸ਼ਟਰ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰਨ ਵਾਲੇ ਸ਼ਬਦਾਂ ਜਿਵੇਂ ਕਿ “ਨਮਸਕਾਰ ਮੁੰਬਈ,” “ਨਮਸਤੇ ਮੁੰਬਈ” ਜਾਂ “ਜੈ ਮਹਾਰਾਸ਼ਟਰ” ਵਰਗੇ ਸੰਦੇਸ਼ਾਂ ਨੂੰ ਸਕ੍ਰੀਨ ‘ਤੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਖੇਡਾਂ ਵਿੱਚ ਸਿਆਸੀ ਦਖਲਅੰਦਾਜ਼ੀ ਗਲਤ, ਮੁੰਬਈ ‘ਚ ਗੰਗਾ-ਜਮੂਨੀ ਤਹਿਜ਼ੀਬ: ਕਾਂਗਰਸ
ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਭਾਜਪਾ ਦੀ ਇਸ ਮੰਗ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਗੈਰ-ਜ਼ਰੂਰੀ ਵਿਵਾਦ ਕਰਾਰ ਦਿੱਤਾ ਹੈ। ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਅਤੇ ਸੀਨੀਅਰ ਨੇਤਾ ਮੁਜ਼ੱਫਰ ਹੁਸੈਨ ਨੇ ਕਿਹਾ ਕਿ ਮੁੰਬਈ ਇੱਕ ਅਜਿਹਾ ਮਹਾਨਗਰ ਹੈ ਜਿੱਥੇ ਹਰ ਵਰਗ ਦੇ ਲੋਕ ਰਹਿੰਦੇ ਹਨ ਅਤੇ ਇਹ ਸ਼ਹਿਰ ਹਮੇਸ਼ਾ ਤੋਂ ਹੀ ਭਾਰਤ ਦੀ ‘ਗੰਗਾ-ਜਮੂਨੀ ਸੰਸਕ੍ਰਿਤੀ’ ਦਾ ਪ੍ਰਤੀਕ ਰਿਹਾ ਹੈ।
ਕਾਂਗਰਸੀ ਆਗੂ ਨੇ ਸਪੱਸ਼ਟ ਕਿਹਾ ਕਿ ਬੀਸੀਸੀਆਈ (BCCI) ਅਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਖ਼ੁਦਮੁਖਤਿਆਰ ਸੰਸਥਾਵਾਂ ਹਨ ਅਤੇ ਉਨ੍ਹਾਂ ਨੂੰ ਆਪਣੇ ਪ੍ਰਸਾਰਣ ਸਬੰਧੀ ਫੈਸਲੇ ਲੈਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਖੇਡਾਂ ਦੇ ਮੰਚ ‘ਤੇ ਵੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਖੇਡਾਂ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਬਿਲਕੁਲ ਦੂਰ ਰੱਖਿਆ ਜਾਣਾ ਚਾਹੀਦਾ ਹੈ। ਅਜੇ ਤੱਕ ਮੁੰਬਈ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਚਿੱਠੀ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।