ਪੰਜਾਬੀ ਗਾਇਕ Mankirt Aulakh ਦੇ ਨਾਮ ‘ਤੇ 12000 ਰੁਪਏ ਦੀ ਧੋਖਾਧੜੀ
Punjab News: ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲਾ ਵਿੱਚ ਇੱਕ ਸਾਇਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਘਟਨਾ ਵਿੱਚ ਸਾਇਬਰ ਠੱਗਾਂ ਨੇ ਇੱਕ ਅਜਿਹੀ ਮਾਂ ਨੂੰ ਨਿਸ਼ਾਨਾ ਬਣਾਇਆ ਜੋ ਪਹਿਲਾਂ ਹੀ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਸਹਿ ਰਹੀ ਹੈ।
ਪੀੜਤ ਮਹਿਲਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ 5 ਪੁੱਤ ਪਹਿਲਾਂ ਹੀ ਨਸ਼ੇ ਦੀ ਭੇਟ ਚੜ੍ਹ ਕੇ ਇਸ ਦੁਨੀਆਂ ਤੋਂ ਚਲੇ ਗਏ ਹਨ । ਆਪਣੇ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਉਹ ਪਹਿਲਾਂ ਹੀ ਮਾਨਸਿਕ ਅਤੇ ਆਰਥਿਕ ਤੌਰ ’ਤੇ ਟੁੱਟ ਚੁੱਕੀ ਸੀ, ਪਰ ਹੁਣ ਸਾਇਬਰ ਠੱਗਾਂ ਨੇ ਉਸ ਦੀ ਮਜ਼ਬੂਰੀ ਅਤੇ ਭਾਵਨਾਵਾਂ ਦਾ ਫਾਇਦਾ ਚੁੱਕਦਿਆਂ ਉਸ ਨਾਲ 12 ਹਜ਼ਾਰ ਰੁਪਏ ਦੀ ਠੱਗੀ ਕਰ ਲਈ।
ਜਾਣਕਾਰੀ ਅਨੁਸਾਰ ਕੁਝ ਵਿਦੇਸ਼ੀ ਨੰਬਰਾਂ ਤੋਂ ਮਨਜੀਤ ਕੌਰ ਨੂੰ ਫੋਨ ਆਏ, ਠੱਗਾਂ ਨੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਮ ਵਰਤਦਿਆਂ ਮਹਿਲਾ ਨੂੰ ਲੱਖਾਂ ਰੁਪਏ ਦੇਣ ਦਾ ਲਾਲਚ ਦਿੱਤਾ। ਗੱਲਾਂ ਵਿੱਚ ਫਸਾ ਕੇ ਉਸ ਤੋਂ ਸਕੈਨਰ ਅਤੇ ਅਕਾਊਂਟ ਨੰਬਰ ਰਾਹੀਂ ਪੈਸੇ ਟ੍ਰਾਂਸਫਰ ਕਰਵਾ ਲਏ ਗਏ। ਰੋ-ਰੋ ਕੇ ਆਪਣਾ ਦਰਦ ਬਿਆਨ ਕਰਦਿਆਂ ਮਨਜੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਪੁੱਤਰਾਂ ਨੂੰ ਗੁਆ ਕੇ ਅੰਦਰੋਂ ਟੁੱਟ ਚੁੱਕੀ ਹੈ ਅਤੇ ਹੁਣ ਠੱਗਾਂ ਨੇ ਉਸ ਦੀ ਆਖ਼ਰੀ ਉਮੀਦ ਵੀ ਲੁੱਟ ਲਈ। ਇਲਾਕੇ ਦੇ ਲੋਕਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਮਾਮਲਾ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਸਾਇਬਰ ਠੱਗ ਹੁਣ ਇਨਸਾਨੀਅਤ ਦੀ ਹਰ ਹੱਦ ਪਾਰ ਕਰ ਚੁੱਕੇ ਹਨ। ਉਹ ਉਹਨਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜੋ ਪਹਿਲਾਂ ਹੀ ਸਮੇਂ ਦੀ ਮਾਰ ਸਹਿ ਰਹੇ ਹਨ। ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਪੈਸੇ ਲੁੱਟਣਾ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਸਾਇਬਰ ਸੈੱਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਅਣਜਾਣ ਨੰਬਰ, ਲਾਲਚ ਭਰੇ ਫੋਨ ਜਾਂ ਇਨਾਮ ਦੇ ਝਾਂਸੇ ਵਿੱਚ ਨਾ ਆਉਣ ਅਤੇ ਆਪਣੀ ਬੈਂਕਿੰਗ ਜਾਂ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ।