‘AAP’ ਨੇ ਰੌਬੀ ਕੰਗ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਨਵਾਂਸ਼ਹਿਰ ਦੀ ਸੰਭਾਲੀ ਕਮਾਨ
Roby Kang Nawanshahr Incharge; ਆਮ ਆਦਮੀ ਪਾਰਟੀ ਵੱਲੋਂ ਰੌਬੀ ਕੰਗ ਨੂੰ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਪਾਰਟੀ ਵੱਲੋਂ ਅਧਿਕਾਰਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਰੋਬੀ ਕੰਗ ਨੂੰ ਜਸਪ੍ਰੀਤ ਸਿੰਘ ਰੌਬੀ ਕੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਮਾਰਚ 2026 ਵਿੱਚ ਪਾਰਟੀ ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦਾ ਸਟੇਟ ਵਾਈਸ ਪ੍ਰੈਜ਼ੀਡੈਂਟ (ਰਾਜ ਉਪ-ਪ੍ਰਧਾਨ) ਨਿਯੁਕਤ ਕੀਤਾ ਸੀ।
ਕਾਰਕੁਨ ਤੋਂ ਸਫਲਤਾ ਤੱਕ ਦਾ ਸਫਰ
ਰੌਬੀ ਕੰਗ ਨੇ ਆਪਣਾ ਰਾਜਨੀਤਿਕ ਸਫਰ ਇੱਕ ਕਾਰਕੁਨ ਵਜੋਂ ਸ਼ੁਰੂ ਕੀਤਾ ਸੀ। ਸ਼ੁਰੂ ਵਿੱਚ ਉਹ ਯੂਥ ਵਿੰਗ ਦੇ ਪੰਜਾਬ ਸਕੱਤਰ ਰਹੇ। ਨਵਾਂਸ਼ਹਿਰ ਸੀਟ ‘ਤੇ ਆਮ ਆਦਮੀ ਪਾਰਟੀ ਨੂੰ ਸੰਗਠਨਕ ਤੌਰ ‘ਤੇ ਮਜ਼ਬੂਤ ਕਰਨ ਅਤੇ ਸਥਾਨਕ ਪੱਧਰ ‘ਤੇ ਗੁੱਟਬਾਜ਼ੀ ਨੂੰ ਖਤਮ ਕਰਕੇ ਵਰਕਰਾਂ ਨੂੰ ਇਕਜੁੱਟ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ, ਜਿਸ ਕਾਰਨ ਉਹ ਬਹੁਤ ਹੀ ਘੱਟ ਉਮਰ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ।
2 ਜੂਨ ਨੂੰ ਬਣੇ ਸਨ ਜ਼ਿਲ੍ਹਾ ਪ੍ਰਧਾਨ
ਪਾਰਟੀ ਨੇ ਉਨ੍ਹਾਂ ਨੂੰ 2 ਜੂਨ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਕੇ ਪਾਰਟੀ ਨੇਤ੍ਰਿਤਵ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪੂਰੀ ਹਾਈਕਮਾਂਡ ਦਾ ਆਭਾਰ ਪ੍ਰਗਟਾਇਆ ਸੀ।