ਉੱਤਰਾਖੰਡ–ਨਿਹੰਗ ਵਿਵਾਦ ‘ਚ ਸ਼ਾਂਤੀ ਦੀ ਰਾਹ, ਪਾਉਂਟਾ ਸਾਹਿਬ ਬੈਠਕ ਸਫਲ
Nihang Singh controversy Uttarakhand; ਉੱਤਰਾਖੰਡ ਵਿੱਚ ਨਿਹੰਗ ਸਿੰਘ ਅਤੇ ਸਥਾਨਕ ਲੋਕਾਂ ਵਿਚਕਾਰ ਪੈਦਾ ਹੋਇਆ ਵਿਵਾਦ ਹੁਣ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ ਹੈ। ਉੱਤਰਾਖੰਡ ਪ੍ਰਸ਼ਾਸਨ ਨੇ ਨਿਹੰਗ ਸਿੰਘਾਂ ਨਾਲ ਸ਼ਾਂਤੀ ਵਾਰਤਾ ਨੂੰ ਲੈ ਕੇ ਇੱਕ ਬੈਠਕ ਇਤਿਹਾਸਕ ਗੁਰਦੁਆਰਾ ਪਾਂਵਟਾ ਸਾਹਿਬ ਵਿੱਚ ਆਯੋਜਿਤ ਕੀਤੀ। ਬੈਠਕ ਕਾਫੀ ਹੱਦ ਤੱਕ ਸਫਲ ਰਹੀ ਹੈ। ਬੈਠਕ ਵਿੱਚ ਦੋ ਦਿਨਾਂ ਦੇ ਅੰਦਰ ਸਾਰੀਆਂ ਮੰਗਾਂ ‘ਤੇ ਸੁਣਵਾਈ ਕਰਨ ਦੇ ਭਰੋਸੇ ਨਾਲ ਨਿਹੰਗ ਸਿੰਘਾਂ ਨੂੰ ਉੱਤਰਾਖੰਡ ਜਾਣ ਤੋਂ ਰੋਕਿਆ ਗਿਆ ਹੈ। ਹੁਣ ਨਿਹੰਗ ਸਿੰਘ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿੱਚ ਹੀ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਉਡੀਕ ਕਰਨਗੇ ਅਤੇ ਸ਼ਾਂਤੀ ਬਣਾਈ ਰੱਖਣਗੇ।
ਮੀਡੀਆ ਨਾਲ ਗੱਲ ਕਰਦੇ ਹੋਏ ਹਰਿਦੁਆਰ ਦੇ ਐੱਸਐੱਸਪੀ ਨਵਨੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਨਿਹੰਗ ਸਿੰਘਾਂ ਨਾਲ ਸ਼ਾਂਤੀ ਵਾਰਤਾ ਬੈਠਕ ਗੁਰਦੁਆਰਾ ਪਾਉਂਟਾ ਸਾਹਿਬ ਵਿੱਚ ਆਯੋਜਿਤ ਕੀਤੀ ਗਈ। ਨਿਹੰਗ ਸਿੰਘਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇੱਕ ਲਿਖਤੀ ਮੰਗ ਪੱਤਰ ਵੀ ਪ੍ਰਸ਼ਾਸਨ ਨੂੰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ। ਨਿਹੰਗ ਸਿੰਘਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਸ਼ਾਂਤੀ ਬਣਾਈ ਰੱਖਣਗੇ ਅਤੇ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਗਈਆਂ ਹਨ ਜਿਨ੍ਹਾਂ ‘ਤੇ ਨਿਯਮਾਂ ਅਨੁਸਾਰ ਕਾਰਵਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੇ ਕਰਨਪ੍ਰਯਾਗ ਵਿੱਚ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਮਾਰਪੀਟ ਦੇ ਮਾਮਲੇ ਵਿੱਚ ਵੀ ਐੱਸਆਈਟੀ ਗਠਿਤ ਕੀਤੀ ਗਈ ਹੈ ਜੋ ਨਿਰਪੱਖ ਜਾਂਚ ਕਰ ਰਹੀ ਹੈ। ਵਾਰਤਾ ਸਫਲ ਹੋਣ ਤੋਂ ਬਾਅਦ ਮਾਹੌਲ ਸ਼ਾਂਤਮਈ ਬਣਿਆ ਹੋਇਆ ਹੈ।
ਉਧਰ ਨਿਹੰਗ ਸਿੰਘ ਜਗਦੀਪ ਸਿੰਘ ਅਕਾਲੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉੱਤਰਾਖੰਡ ਪ੍ਰਸ਼ਾਸਨ ਨਾਲ ਵਾਰਤਾ ਬੈਠਕ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ, ਜਿਸ ਕਰਕੇ ਹੁਣ ਦੋ ਦਿਨਾਂ ਤੱਕ ਉੱਤਰਾਖੰਡ ਜਾਣ ਸੰਬੰਧੀ ਕੋਈ ਕਾਰਵਾਈ ਨਹੀਂ ਹੋਵੇਗੀ। ਜੇਕਰ ਦੋ ਦਿਨਾਂ ਦੇ ਅੰਦਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਗ੍ਰਿਫ਼ਤਾਰ ਨਿਹੰਗ ਸਿੰਘ ਰਿਹਾਅ ਨਹੀਂ ਕੀਤੇ ਜਾਂਦੇ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰ ਨਿਹੰਗ ਸਿੰਘਾਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਨਾਲ ਪੰਜਾਬ ਵਾਪਸ ਲੈ ਕੇ ਜਾਣਗੇ।