ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਐਲਾਨਿਆ
Shiromani Gurdwara Parbandhak Committee; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਅਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਅਜੈਬ ਸਿੰਘ ਅਭਿਆਸੀ ਵੱਲੋਂ ਜਾਰੀ ਕੀਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਨਿਆਵੀ ਵਿਦਿਆ ਦੇ ਨਾਲ-ਨਾਲ ਬੱਚਿਆਂ ਨੂੰ ਧਰਮ, ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੀ ਨਿਰੰਤਰ ਕਾਰਜਸ਼ੀਲ ਹੈ। ਇਸੇ ਤਹਿਤ ਹਰ ਸਾਲ ਸਕੂਲਾਂ/ਕਾਲਜਾਂ ਅੰਦਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ, ਉਥੇ ਹੀ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਜ਼ਰੀਏ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਸਿਧਾਂਤਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 5100, 4100, 3100 ਰੁਪਏ ਦੇ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਜਦਕਿ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਵਜੀਫ਼ਾ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਸਾਲ ਲਈ ਗਈ ਧਾਰਮਿਕ ਪ੍ਰੀਖਿਆ ਵਿੱਚ 52095 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 880 ਵਿਦਿਆਰਥੀਆਂ ਨੇ ਵਜ਼ੀਫਾ ਪ੍ਰਾਪਤ ਕੀਤਾ ਹੈ। ਮੈਰਿਟ ਵਿਚ ਆਏ ਇਨ੍ਹਾਂ ਪ੍ਰੀਖਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 17 ਲੱਖ 25 ਹਜ਼ਾਰ 300 ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਕਰਮਵਾਰ 5100, 4100 ਅਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਪਾਸ ਹੋਣ ਵਾਲਿਆਂ ਨੂੰ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਸੈਸ਼ਨ 2025-27 ਦੇ ਪਹਿਲਾ ਸਾਲ ਅਤੇ ਸੈਸ਼ਨ 2024-26 ਦੇ ਦੂਜੇ ਸਾਲ ਦਾ ਨਤੀਜਾ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਧਾਰਮਿਕ ਪ੍ਰੀਖਿਆ ਦੇ ਦਰਜਾ ਪਹਿਲਾ ’ਚ ਪਹਿਲਾ ਸਥਾਨ ਜਸ਼ਮੀਤ ਕੌਰ, ਦੂਜਾ ਸਥਾਨ ਹੁਸਨਪ੍ਰੀਤ ਕੌਰ ਅਤੇ ਤੀਜਾ ਸਥਾਨ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਰਜਾ ਦੂਜਾ ਦੇ ਪ੍ਰੀਖਿਆ ’ਚ ਪਹਿਲਾ ਸਥਾਨ ਹਰਲੀਨ ਕੌਰ, ਦੂਜਾ ਸਿਮਰਨਜੀਤ ਕੌਰ, ਤੀਜਾ ਵੀਰਦਵਿੰਦਰ ਕੌਰ ਤੇ ਮੰਨਤਪ੍ਰੀਤ ਕੌਰ ਨੇ ਲਿਆ। ਦਰਜਾ ਤੀਜਾ ਦੀ ਪ੍ਰੀਖਿਆ ’ਚ ਪਹਿਲੇ ਸਥਾਨ ’ਤੇ ਜੁਝਾਰ ਸਿੰਘ, ਦੂਜੇ ਸਥਾਨ ’ਤੇ ਰਮਨਦੀਪ ਕੌਰ ਅਤੇ ਤੀਜੇ ਸਥਾਨ ਗੁਰਸ਼ਰਨਪ੍ਰੀਤ ਕੌਰ ਰਹੇ। ਇਸੇ ਤਰ੍ਹਾਂ ਦਰਜਾ ਚੌਥਾ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ `ਤੇ ਨਵਨੀਤ ਕੌਰ, ਦੂਜੇ ਕੋਮਲਪ੍ਰੀਤ ਕੌਰ ਅਤੇ ਤੀਜੇਾ ਸਥਾਨ ਕੁਲਜੀਤ ਕੌਰ ਰਹੇ। ਇਸ ਦੇ ਨਾਲ ਹੀ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਨਤੀਜਿਆਂ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ ਸਿੰਘ ਨੇ ਪ੍ਰਾਪਤ ਕੀਤਾ ਜਦਕਿ ਦੂਜੇ ਸਥਾਨ ਤੇ ਪ੍ਰੀਤੀ ਛਾਬੜਾ ਅਤੇ ਤੀਜੇ ਸਥਾਨ ਤੇ ਖੁਸ਼ਮੀਤ ਕੌਰ ਰਹੇ।