Test Match: ਭਾਰਤ ਨੇ ਪਹਿਲੇ ਦਿਨ 368/3 ਦਾ ਵੱਡਾ ਸਕੋਰ ਖੜ੍ਹਾ ਕੀਤਾ
ਕੇ ਐੱਲ ਰਾਹੁਲ ਦੇ ਸੰਜਮ ਅਤੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਅੰਦਾਜ਼ ਸਦਕਾ ਦੋ ਵੱਖਰੇ ਸਟਾਈਲ ਦੇ ਸੈਂਕੜੇ ਦੇਖਣ ਨੂੰ ਮਿਲੇ। ਇਨ੍ਹਾਂ ਦੀ ਬਦੌਲਤ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਲਾਈਨ-ਅੱਪ ਨੇ ਮਹਿਮਾਨ ਟੀਮ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਇੱਕੋ-ਇੱਕ ਟੈਸਟ ਮੈਚ ਦੇ ਪਹਿਲੇ ਦਿਨ ਅੱਜ 368/3 ਦਾ ਵੱਡਾ ਸਕੋਰ ਖੜ੍ਹਾ ਕੀਤਾ।
ਰਾਹੁਲ (165 ਗੇਂਦਾਂ ਵਿੱਚ 100 ਦੌੜਾਂ) ਨੇ ਆਪਣੀ ਮਜ਼ਬੂਤ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕੀਤਾ। ਕਪਤਾਨ ਗਿੱਲ (143 ਗੇਂਦਾਂ ਵਿੱਚ 103 ਦੌੜਾਂ, ਨਾਬਾਦ) ਪੂਰੇ ਇਰਾਦੇ ਨਾਲ ਖੇਡਦਾ ਹੋਇਆ ਨਜ਼ਰ ਆਇਆ। ਅੱਜ ਭਾਰਤ ਨੇ ਟੈਸਟ ਕ੍ਰਿਕਟ ਵਿੱਚ ਅਫ਼ਗਾਨਿਸਤਾਨ ਦੇ ਗੇਂਦਬਾਜ਼ੀ ਹਮਲੇ ਨੂੰ ਵਧੀਆ ਸਬਕ ਸਿਖਾਇਆ, ਜਿਨ੍ਹਾਂ ਕੋਲ ਜਜ਼ਬਾ ਤਾਂ ਪੂਰਾ ਸੀ ਪਰ ਹੁਨਰ ਦੀ ਥੋੜ੍ਹੀ ਘਾਟ ਦਿਖਾਈ ਦਿੱਤੀ।
ਸ਼ੁਭਮਨ ਗਿੱਲ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਿਹਾ ਸੀ, ਇੰਜ ਲੱਗਦਾ ਸੀ ਜਿਵੇਂ ਉਹ ਕੋਈ ਅਭਿਆਸ ਮੈਚ ਖੇਡ ਰਿਹਾ ਹੋਵੇ। ਉਸ ਨੇ ਅਫ਼ਗਾਨਿਸਤਾਨ ਦੇ ਪਹਿਲਾਂ ਹੀ ਥੱਕ ਚੁੱਕੇ ਗੇਂਦਬਾਜ਼ਾਂ ’ਤੇ ਪੂਰੀ ਤਰ੍ਹਾਂ ਦਬਾਅ ਬਣਾ ਕੇ ਰੱਖਿਆ ਅਤੇ ਆਪਣੀ ਪਾਰੀ ਵਿੱਚ 11 ਚੌਕੇ ਤੇ ਇੱਕ ਸਿੱਧਾ ਛੱਕਾ ਮਾਰਿਆ। ਆਪਣੇ 41ਵੇਂ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਦਾ ਇਹ ਹੁਣ ਤੱਕ ਦਾ 11ਵਾਂ ਸੈਂਕੜਾ ਹੈ।
ਉੱਧਰ, ਸਾਈ ਸੁਦਰਸ਼ਨ (104 ਗੇਂਦਾਂ ਵਿੱਚ 81 ਦੌੜਾਂ) ਨੂੰ ਦੋ ਵਾਰ ਜੀਵਨਦਾਨ ਮਿਲਿਆ, ਪਰ ਫਿਰ ਵੀ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਰਿਸ਼ਭ ਪੰਤ ਨੇ ਬਿਨਾ ਕਿਸੇ ਖ਼ਾਸ ਮੁਸ਼ੱਕਤ ਦੇ ਤਿੰਨ ਸ਼ਾਨਦਾਰ ਛੱਕੇ ਮਾਰੇ ਅਤੇ ਮਹਿਜ਼ 70 ਗੇਂਦਾਂ ਵਿੱਚ ਆਪਣਾ ਨੀਮ-ਸੈਂਕੜਾ ਪੂਰਾ ਕਰ ਕੇ ਨਾਬਾਦ ਰਿਹਾ। ਅਫ਼ਗਾਨਿਸਤਾਨ ਵੱਲੋਂ ਮੁਹੰਮਦ ਸਲੀਮ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 2 ਵਿਕਟਾਂ ਲਈਆਂ।