ਬਰਨਾਲਾ ਨਗਰ ਨਿਗਮ ਨੂੰ ਮਿਲਿਆ ਪਹਿਲਾ ਮੇਅਰ, ਹਸਨਪ੍ਰੀਤ ਭਾਰਦਵਾਜ ਨੇ ਸੰਭਾਲੀ ਕਮਾਨ, ਵਿਕਾਸ ਤੇ ਜ਼ੀਰੋ ਟਾਲਰੈਂਸ ਦਾ ਵਾਅਦਾ
Barnala Nagar Nigam; ਨਵੇਂ ਬਣੇ ਬਰਨਾਲਾ ਨਗਰ ਨਿਗਮ ਦੇ ਮੇਅਰ ਦੀ ਚੋਣ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਹਸਨਪ੍ਰੀਤ ਭਾਰਦਵਾਜ ਨੂੰ ਨਵੇਂ-ਨਵੇਲੇ ਨਗਰ ਨਿਗਮ ਦਾ ਪਹਿਲਾ ਮੇਅਰ ਥਾਪਿਆ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕਈ ਵੱਡੇ ਆਗੂ ਮੌਜੂਦ ਰਹੇ। ਆਗੂਆਂ ਨੇ ਦੱਸਿਆ ਕਿ ਹਸਨ ਪ੍ਰੀਤ ਭਾਰਦਵਾਜ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਮਹੱਤਵਪੂਰਨ ਅਹੁਦਾ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਰਨਾਲਾ ਨਗਰ ਨਿਗਮ ਬਣਨ ਤੋਂ ਬਾਅਦ ਬਰਨਾਲਾ ਨੂੰ ਮਹੱਤਵਪੂਰਨ ਗ੍ਰਾਂਟਾਂ ਮਿਲਣਗੀਆਂ, ਜਿਸ ਨਾਲ ਸ਼ਹਿਰ ਦਾ ਹੋਰ ਵਿਕਾਸ ਹੋਵੇਗਾ। ਚੀਮਾ ਨੇ ਕਿਹਾ ਕਿ ਅਸੀਂ ਹਮੇਸ਼ਾ ਵਾਂਗ ਭ੍ਰਿਸ਼ਟਾਚਾਰ ਖਿਲਾਫ਼ ਜੀਰੋ ਟਾਲਰੇਂਸ ਨੀਤੀ ਅਪਣਾਵਾਂਗੇ। ਚੀਮਾ ਨੇ ਕਿਹਾ ਕਿ ਬਰਨਾਲਾ ਤੋਂ ਵੀ ਜੋ ਵੀ ਪ੍ਰਪੋਜਲ ਮਿਲੇਗਾ, ਉਹ ਉਸਨੂੰ ਪਲਕ ਝਪਕਦਿਆਂ ਹੀ ਮਨਜੂਰੀ ਦੇ ਦੇਣਗੇ।
ਸ਼ਹਿਰ ਦਾ ਹੋਵੇਗਾ ਵੱਡੇ ਪੱਧਰ ਤੇ ਵਿਕਾਸ: ਮੀਤ ਹੇਅਰ
ਸੰਸਦ ਮੈਂਬਰ ਮੀਤ ਹੇਅਰ ਨੇ ਭਰੋਸਾ ਦਿੱਤਾ ਕਿ ਆਉਣ ਵਾਲਾ ਸਮਾਂ ਸ਼ਹਿਰ ਦੇ ਵਿਕਾਸ ਦਾ ਹੋਵੇਗਾ ਅਤੇ ਇਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਨਵੇਂ ਚੁਣੇ ਗਏ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਬਸੰਮਤੀ ਨਾਲ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ।ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਅੱਜ ਮੇਅਰ ਨਿਯੁਕਤੀ ਸਮਾਰੋਹ ਵਿੱਚ ਬਰਨਾਲਾ ਦੇ 50 ਉਮੀਦਵਾਰਾਂ ਵਿੱਚੋਂ 49 ਉਮੀਦਵਾਰ ਮੌਜੂਦ ਸਨ, ਅਤੇ ਉਨ੍ਹਾਂ ਨੇ ਹਸਨਪ੍ਰੀਤ ਭਾਰਦਵਾਜ ਨੂੰ ਬਿਨਾਂ ਕਿਸੇ ਵਿਰੋਧ ਦੇ ਬਰਨਾਲਾ ਦਾ ਮੇਅਰ ਚੁਣਿਆ। ਮੀਤ ਹੇਅਰ ਨੇ ਕਿਹਾ ਲੋਕਾਂ ਨੇ ਇੱਕ ਪਾਸੜ ਮੈਂਡੇਟ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕੌਂਸਲ ਤੋਂ ਬਰਨਾਲਾ ਨੂੰ ਨਗਰ ਨਿਗਮ ਬਣਾਇਆ।
ਉਨ੍ਹਾਂ ਕਿਹਾ ਕਿ ਸਾਡੇ ਲਈ ਉਹ ਦਿਨ ਵੀ ਇਤਿਹਾਸਿਕ ਸੀ ਅਤੇ ਅੱਜ ਦਾ ਦਿਨ ਵੀ ਇਤਿਹਾਸਿਕ ਹੈ। ਉਨ੍ਹਾਂ ਨੇ ਸਾਰੇ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਹਸਨਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਸੀਂ ਸਾਰੇ ਨਿਰਪੱਖ ਤਰੀਕੇ ਨਾਲ ਬਰਨਾਲਾ ਦਾ ਵਿਕਾਸ ਕਰਾਂਗੇ।
ਕਿਸੇ ਨੂੰ ਵੀ ਨਹੀਂ ਕਰਾਂਗੇ ਨਿਰਾਸ਼ – ਹਸਪਪ੍ਰੀਤ
ਮੇਅਰ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਪ੍ਰਤੀ “ਜ਼ੀਰੋ ਟਾਲਰੈਂਸ” ਨੀਤੀ ਅਪਣਾਈ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰਿਆਂ ਦੇ ਕੰਮ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਵੀ ਨਿਰਾਸ਼ ਨਹੀਂ ਕੀਤਾ ਜਾਵੇਗਾ। ਹਸਪ੍ਰੀਤ ਨੇ ਕਿਹਾ ਕਿ ਸਾਡੇ ਵਰਗ੍ਹੇ ਨੌਜਵਾਨਾਂ ਤੇ ਭਰੋਸਾ ਜਤਾਉਣ ਲਈ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿ ਉਹ ਬਰਨਾਲਾ ਵਾਸੀਆਂ ਨੂੰ ਨਿਰਾਸ਼ ਨਹੀਂ ਕਰਨਗੇ। ਲੋਕਾਂ ਦੇ ਸਾਰੇ ਕੰਮ ਨਿਰਪੱਖ ਤਰੀਕੇ ਨਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਨਵੀਂ ਨਗਰ ਨਿਗਮ ਬੁਲੰਦੀਆਂ ਛੁਹੇਗੀ। ਟ੍ਰੈਫ਼ਿਕ ਦੀ ਸਮੱਸਿਆ ਤੇ ਉਨ੍ਹਾਂ ਕਿਹਾ ਕਿ ਪਾਰਕਿੰਗ ਦਾ ਜਿਆਦਾ ਤੋਂ ਜਿਆਦਾ ਨਿਰਮਾਣ ਕਰਵਾ ਕੇ ਇਸ ਸਮੱਸਿਆ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਵੇਗੀ।