ਪੰਜਾਬ ਦੀ ਸੁਰੱਖਿਆ ‘ਤੇ ਰੰਧਾਵਾ ਦਾ PM ਮੋਦੀ ਨੂੰ SOS, ਸਰਹੱਦਾਂ ‘ਤੇ ਖ਼ਤਰੇ ਦਾ ਕੀਤਾ ਦਾਅਵਾ
Sukhjinder Singh Randhawa; ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦ, ਨਾਰਕੋ-ਟੈਰਰਿਜ਼ਮ, ਵਿਦੇਸ਼ਾਂ ਤੋਂ ਚਲਾਏ ਜਾ ਰਹੇ ਗੈਂਗਸਟਰ ਨੈੱਟਵਰਕ ਅਤੇ ਪੰਜਾਬ ਪੁਲਿਸ ਦੇ ਕਥਿਤ ਸਿਆਸੀ ਦੁਰਵਰਤੋਂ ਕਾਰਨ ਹਾਲਾਤ ਚਿੰਤਾਜਨਕ ਬਣ ਚੁੱਕੇ ਹਨ।
ਸਾਂਸਦ ਰੰਧਾਵਾ ਨੇ ਇਸ ਸਬੰਧੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਿੱਜੀ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ। ਉਨ੍ਹਾਂ ਨੇ ਇਸ ਪੱਤਰ ਦੀ ਇੱਕ ਕਾਪੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਭੇਜੀ ਹੈ।
ਰੰਧਾਵਾ ਨੇ ਪੱਤਰ ਵਿੱਚ ਲਿਖਿਆ ਕਿ ਪੰਜਾਬ ਵਿੱਚ ਅੱਤਵਾਦੀ ਨੈੱਟਵਰਕ ਪੂਰੀ ਤਰ੍ਹਾਂ ਸਰਗਰਮ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਡੀਪ ਸਟੇਟ ਅਤੇ ਕੈਨੇਡਾ ਤੇ ਅਮਰੀਕਾ ਵਿੱਚ ਬੈਠੇ ਚਰਮਪੰਥੀ ਤੱਤਾਂ ਤੋਂ ਮਦਦ ਮਿਲ ਰਹੀ ਹੈ।
ਉਨ੍ਹਾਂ ਨੇ ਕੁਝ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਫਰਵਰੀ 2026 ਵਿੱਚ ਆਧੀਆਂ ਪਿੰਡ ਦੀ ਪੁਲਿਸ ਚੌਕੀ ਅੰਦਰ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਨੂੰ ਉਹ ਭਾਰਤੀ ਧਰਤੀ ‘ਤੇ ਰਾਜ ਪ੍ਰਾਯੋਜਿਤ ਕਤਲ ਮੰਨਦੇ ਹਨ। ਇਸ ਤੋਂ ਇਲਾਵਾ ਦਸੰਬਰ 2024 ਵਿੱਚ ਗੁਰਦਾਸਪੁਰ, ਅੰਮ੍ਰਿਤਸਰ ਦੇ ਮਜੀਠਾ ਅਤੇ ਇਸਲਾਮਾਬਾਦ ਖੇਤਰ ਦੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਰੰਧਾਵਾ ਦੇ ਪੱਤਰ ਦੀਆਂ ਮੁੱਖ ਗੱਲਾਂ
ਸਰਹੱਦੀ ਜ਼ਿਲ੍ਹਿਆਂ ‘ਤੇ ਖ਼ਤਰਾ: ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਰਗੇ ਸਰਹੱਦੀ ਜ਼ਿਲ੍ਹੇ ਪਾਕਿਸਤਾਨ ਸਮਰਥਿਤ ਅੱਤਵਾਦੀ ਮੋਡੀਊਲ ਅਤੇ ਡਰੋਨ ਰਾਹੀਂ ਆ ਰਹੇ ਹਥਿਆਰਾਂ ਅਤੇ ਨਸ਼ਿਆਂ ਦੇ ਖ਼ਤਰੇ ਹੇਠ ਹਨ।
ਪੁਲਿਸ ਮੁਲਾਜ਼ਮਾਂ ਦੀ ਹੱਤਿਆ: 24 ਫਰਵਰੀ 2026 ਨੂੰ ਗੁਰਦਾਸਪੁਰ ਦੇ ਆਧੀਆਂ ਪਿੰਡ ਵਿੱਚ ਆਈਐੱਸਆਈ ਦੇ ਇਸ਼ਾਰੇ ‘ਤੇ ਸਿਰਫ਼ 20 ਹਜ਼ਾਰ ਰੁਪਏ ਲਈ ਏਐੱਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਦਾ ਪੁਲਿਸ ਚੌਕੀ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਥਾਣਿਆਂ ‘ਤੇ ਗ੍ਰੇਨੇਡ ਹਮਲੇ: ਦਸੰਬਰ 2024 ਵਿੱਚ ਗੁਰਦਾਸਪੁਰ ਦੇ ਬਖ਼ਸ਼ੀਵਾਲ ਪੁਲਿਸ ਸਟੇਸ਼ਨ ਅਤੇ ਕਲਾਨੌਰ ਦੇ ਭਖਿਆਰੀਵਾਲ ਪੁਲਿਸ ਚੌਕੀ ‘ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਗ੍ਰੇਨੇਡ ਹਮਲੇ ਕੀਤੇ ਗਏ।
ਵਪਾਰੀਆਂ ਤੋਂ ਫਿਰੌਤੀ: ਗੈਂਗਸਟਰਾਂ ਵੱਲੋਂ ਛੋਟੇ ਵਪਾਰੀਆਂ ਅਤੇ ਪ੍ਰਵਾਸੀਆਂ ਤੋਂ ਲੱਖਾਂ-ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ ਅਤੇ ਪੈਸੇ ਨਾ ਦੇਣ ‘ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ।
ਨਾਰਕੋ-ਟੈਰਰ ਅਤੇ ਗੈਂਗਸਟਰਾਂ ਦਾ ਖ਼ੌਫ਼
ਰੰਧਾਵਾ ਨੇ ਪੱਤਰ ਵਿੱਚ ਕਿਹਾ ਕਿ ਪੰਜਾਬ ਦੇ ਛੋਟੇ ਵਪਾਰੀ ਅਤੇ ਆਮ ਲੋਕ ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੀਆਂ ਫਿਰੌਤੀ ਦੀਆਂ ਕਾਲਾਂ ਕਾਰਨ ਡਰ ਦੇ ਸਾਏ ਹੇਠ ਜੀ ਰਹੇ ਹਨ।
29 ਜਨਵਰੀ 2026: ਗੁਰਦਾਸਪੁਰ ਦੇ ਕੈਮਿਸਟ ਰਣਬੀਰ ਸਿੰਘ ਬੇਦੀ ਦੀ 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਹੱਤਿਆ ਕਰ ਦਿੱਤੀ ਗਈ।
ਸਤੰਬਰ-ਅਕਤੂਬਰ 2025: ਕਲਾਨੌਰ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅਮਰੀਕਾ ਬੈਠੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਇੱਕ ਹਸਪਤਾਲ ਅਤੇ ਮੈਡੀਕਲ ਸਟੋਰ ‘ਤੇ 9 ਐੱਮਐੱਮ ਗਲੌਕ ਪਿਸਤੌਲ ਨਾਲ ਫਾਇਰਿੰਗ ਕੀਤੀ ਗਈ।
ਜੂਨ 2026: ਭਗਵਾਨਪੁਰ ਵਿੱਚ ਭਾਜਪਾ ਵਪਾਰ ਸੈੱਲ ਦੇ ਮੁਖੀ ਵਿਜੈ ਕੁਮਾਰ ਸੋਨੀ ਦੇ ਪੈਟਰੋਲ ਪੰਪ ‘ਤੇ 2 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਗੋਲੀਬਾਰੀ ਕੀਤੀ ਗਈ।
ਫਰਵਰੀ 2026: ਅੰਮ੍ਰਿਤਸਰ ਵਿੱਚ ਰੋਹਿਤ ਗੋਦਾਰਾ ਗੈਂਗ ਵੱਲੋਂ ਇੱਕ ਐਨਆਰਆਈ ਤੋਂ 70 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
1 ਜਨਵਰੀ 2026: ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਇੱਕ ਵਿਆਹ ਸਮਾਗਮ ਦੌਰਾਨ ਹੱਤਿਆ ਕਰ ਦਿੱਤੀ ਗਈ। ਰੰਧਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਹੀ ਘਟਾ ਦਿੱਤੀ ਗਈ ਸੀ।
ਪੰਜਾਬ ਪੁਲਿਸ ਦੇ ਸਿਆਸੀਕਰਨ ਦੇ ਦੋਸ਼
ਰੰਧਾਵਾ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਨੂੰ ਇੱਕ ਪੇਸ਼ੇਵਰ ਜਾਂਚ ਏਜੰਸੀ ਦੀ ਬਜਾਏ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਅਸਹਿਮਤੀ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮਈ 2026 ਵਿੱਚ ਅੰਮ੍ਰਿਤਸਰ ਦੇ ਮਜੀਠਾ ਨੇੜੇ ਏਐੱਸਆਈ ਜੋਗਾ ਸਿੰਘ ਦੀ ਹੱਤਿਆ ਨੇ ਅਪਰਾਧੀਆਂ ਦੇ ਬੇਖ਼ੌਫ਼ ਹੋਣ ਨੂੰ ਬੇਨਕਾਬ ਕੀਤਾ ਹੈ। ਰੰਧਾਵਾ ਦਾ ਦਾਅਵਾ ਹੈ ਕਿ ਮੁੱਖ ਜਾਂਚਾਂ ਵਿੱਚ ਸਫਲਤਾ ਐਨਆਈਏ ਅਤੇ ਬੀਐੱਸਐੱਫ਼ ਇੰਟੈਲੀਜੈਂਸ ਨੂੰ ਮਿਲ ਰਹੀ ਹੈ, ਨਾ ਕਿ ਸੂਬਾ ਸਰਕਾਰ ਨੂੰ।
ਕੇਂਦਰ ਸਰਕਾਰ ਕੋਲ ਰੰਧਾਵਾ ਦੀਆਂ ਮੁੱਖ ਮੰਗਾਂ
ਸੰਵਿਧਾਨ ਦੇ ਆਰਟੀਕਲ 355 ਅਤੇ 256 ਦਾ ਹਵਾਲਾ ਦਿੰਦਿਆਂ ਰੰਧਾਵਾ ਨੇ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ:
ਗ੍ਰਹਿ ਮੰਤਰਾਲਾ, ਐਨਆਈਏ, ਆਈਬੀ, ਬੀਐੱਸਐੱਫ਼ ਅਤੇ ਪੰਜਾਬ ਪੁਲਿਸ ਵਿਚਾਲੇ ਉੱਚ ਪੱਧਰੀ ਤਾਲਮੇਲ ਬਣਾ ਕੇ ਆਈਐੱਸਆਈ-ਬੀਕੇਆਈ-ਗੈਂਗਸਟਰ ਗਠਜੋੜ ਨੂੰ ਤੋੜਿਆ ਜਾਵੇ।
ਗੁਰਦਾਸਪੁਰ ਸਮੇਤ ਸਰਹੱਦੀ ਇਲਾਕਿਆਂ ਵਿੱਚ ਬੀਐੱਸਐੱਫ਼ ਦੀ ਤਾਇਨਾਤੀ ਵਧਾਈ ਜਾਵੇ ਅਤੇ ਐਂਟੀ-ਡਰੋਨ ਤਕਨਾਲੋਜੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਕੈਨੇਡਾ, ਅਮਰੀਕਾ ਅਤੇ ਪੁਰਤਗਾਲ ਵਿੱਚ ਸ਼ਰਨ ਲਏ ਗੈਂਗਸਟਰਾਂ ਦੀ ਹਵਾਲਗੀ ਲਈ ਕੂਟਨੀਤਿਕ ਅਤੇ ਕਾਨੂੰਨੀ ਦਬਾਅ ਬਣਾਇਆ ਜਾਵੇ।
ਪੰਜਾਬ ਸਰਕਾਰ ਨੂੰ ਹਦਾਇਤ ਦਿੱਤੀ ਜਾਵੇ ਕਿ ਪੁਲਿਸ ਦੀ ਵਰਤੋਂ ਸਿਆਸੀ ਨਿਸ਼ਠਾ ਦੀ ਬਜਾਏ ਸੰਵਿਧਾਨਕ ਜ਼ਿੰਮੇਵਾਰੀਆਂ ਅਤੇ ਪੇਸ਼ੇਵਰ ਯੋਗਤਾ ਦੇ ਆਧਾਰ ‘ਤੇ ਕੀਤੀ ਜਾਵੇ।
ਪਾਕਿਸਤਾਨ ਤੋਂ ਡਰੋਨਾਂ ਰਾਹੀਂ ਹੋ ਰਹੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਅਤੇ ਜੇਲ੍ਹਾਂ ਵਿੱਚੋਂ ਚੱਲ ਰਹੇ ਅਪਰਾਧਿਕ ਨੈੱਟਵਰਕ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇ।