15 ਸਾਲ ਪੁਰਾਣੇ ਅਵਤਾਰ ਸਿੰਘ ਤਾਰੀ ਕਤਲ ਕਾਂਡ ‘ਚ CBI ਦਾ ਵੱਡਾ ਐਕਸ਼ਨ, ਮੁੱਖ ਹਮਲਾਵਰ ਦਾ ਸਕੈੱਚ ਜਾਰੀ
Avtar Singh Tari murder case; ਚੰਡੀਗੜ੍ਹ ਸਥਿਤ ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ (SCB) ਲੁਧਿਆਣਾ ਨੇ ਕਰੀਬ 15 ਸਾਲ ਪੁਰਾਣੇ ਅਵਤਾਰ ਸਿੰਘ ਤਾਰੀ ਕਤਲ ਕਾਂਡ ਨੂੰ ਸੁਲਝਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਸ਼ਾਮਲ ਇੱਕ ਮੁੱਖ ਸ਼ੱਕੀ ਹਮਲਾਵਰ ਦਾ ਸਕੈਚ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ, ਦੋਸ਼ੀ ਦੀ ਗ੍ਰਿਫ਼ਤਾਰੀ ਜਾਂ ਮਾਮਲੇ ਨੂੰ ਸੁਲਝਾਉਣ ਵਿੱਚ ਮਦਦ ਕਰਨ ਵਾਲੇ ਵਿਅਕਤੀ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸੀਬੀਆਈ ਨੇ ਜਾਣਕਾਰੀ ਸਾਂਝੀ ਕਰਨ ਲਈ ਆਪਣੇ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ ਅਤੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਤਾਰੀ ‘ਤੇ ਚਲਾਈਆਂ ਗਈਆਂ ਸਨ 11 ਗੋਲੀਆਂ
ਇਹ ਘਟਨਾ 12 ਅਪ੍ਰੈਲ 2011 ਦੀ ਹੈ। ਨਾਮਧਾਰੀ ਸੰਪਰਦਾਇ ਦੇ ਸ਼ਰਧਾਲੂ ਅਵਤਾਰ ਸਿੰਘ ਤਾਰੀ ‘ਤੇ ਲੁਧਿਆਣਾ ਜ਼ਿਲ੍ਹੇ ਦੇ ਕਟਾਣੀ ਕਲਾਂ-ਚੰਡੀਗੜ੍ਹ ਮੁੱਖ ਮਾਰਗ ‘ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।
ਹਮਲਾਵਰਾਂ ਨੇ ਇਸ ਵਾਰਦਾਤ ਲਈ ਏਕੇ-47 ਰਾਈਫਲ ਦੀ ਵਰਤੋਂ ਕੀਤੀ ਸੀ। ਇਸ ਭਿਆਨਕ ਹਮਲੇ ਵਿੱਚ ਅਵਤਾਰ ਸਿੰਘ ਤਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਨਾਮਧਾਰੀ ਸੰਪਰਦਾਇ ਵਿੱਚ ਉੱਤਰਾਧਿਕਾਰ ਨੂੰ ਲੈ ਕੇ ਵਿਵਾਦ ਨਾਲ ਜੋੜਿਆ ਗਿਆ ਸੀ ਮਾਮਲਾ
ਹਮਲਾਵਰਾਂ ਨੇ ਤਾਰੀ ਦੇ ਸਰੀਰ ਵਿੱਚ ਏਕੇ-47 ਨਾਲ 11 ਗੋਲੀਆਂ ਮਾਰੀਆਂ ਸਨ। ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਇਸ ਕਤਲ ਨੂੰ ਨਾਮਧਾਰੀ ਸੰਪਰਦਾਇ ਵਿੱਚ ਉੱਤਰਾਧਿਕਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੋੜਿਆ ਗਿਆ ਸੀ।
ਮੋਹਾਲੀ ਦੇ ਰਹਿਣ ਵਾਲੇ ਅਵਤਾਰ ਸਿੰਘ, ਸਤਿਗੁਰੂ ਜਗਜੀਤ ਸਿੰਘ ਦੇ ਜਵਾਈ ਸੰਤ ਜਗਤਾਰ ਸਿੰਘ ਦੇ ਕਰੀਬੀ ਸਹਿਯੋਗੀ ਸਨ। ਉਸ ਵੇਲੇ ਪੁਲਿਸ ਨੇ ਸਾਹਨੇਵਾਲ ਥਾਣੇ ਵਿੱਚ ਅਵਤਾਰ ਸਿੰਘ ਦੇ ਸਾਲੇ ਬਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਪਹਿਲਾਂ ਵੀ ਹੋ ਚੁੱਕੀਆਂ ਸਨ ਦੋ ਹਮਲੇ ਦੀਆਂ ਕੋਸ਼ਿਸ਼ਾਂ
ਕਤਲ ਵਾਲੇ ਦਿਨ ਅਵਤਾਰ ਸਿੰਘ ਤਾਰੀ ਸਵੇਰੇ ਮੋਹਾਲੀ ਤੋਂ ਆਪਣੀ ਟੋਇਟਾ ਕੋਰੋਲਾ ਕਾਰ ਵਿੱਚ ਭੈਣੀ ਸਾਹਿਬ ਜਾ ਰਹੇ ਸਨ। ਸਵੇਰੇ ਕਰੀਬ 11 ਵਜੇ ਜਦੋਂ ਉਹ ਕਟਾਣੀ ਕਲਾਂ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਪਿੱਛਾ ਕੀਤੇ ਜਾਣ ਦਾ ਸ਼ੱਕ ਹੋਇਆ।
ਇਸ ਤੋਂ ਬਾਅਦ ਉਨ੍ਹਾਂ ਨੇ ਕਟਾਣੀ ਕਲਾਂ ਵਿੱਚ ਇੱਕ ਰਿਸ਼ਤੇਦਾਰ ਦੀ ਦੁਕਾਨ ਅੱਗੇ ਕਾਰ ਰੋਕੀ। ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਨਿਕਲੇ, ਦੋ ਹਮਲਾਵਰਾਂ ਨੇ ਉਨ੍ਹਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਸ ਵੇਲੇ ਪੁਲਿਸ ਨੇ ਦੱਸਿਆ ਸੀ ਕਿ ਇੱਕ ਹਮਲਾਵਰ ਨੇ ਚਿੱਟਾ ਕੁੜਤਾ-ਪਜਾਮਾ ਅਤੇ ਚਿੱਟਾ ਪਰਨਾ ਪਾਇਆ ਹੋਇਆ ਸੀ, ਜਦਕਿ ਦੂਜੇ ਨੇ ਹਰੇ ਰੰਗ ਦੀ ਪੈਂਟ ਪਾਈ ਹੋਈ ਸੀ।
ਅਵਤਾਰ ਸਿੰਘ ਤਾਰੀ ਰੋਜ਼ਾਨਾ ਭੈਣੀ ਸਾਹਿਬ ਜਾਂਦੇ ਸਨ ਅਤੇ ਸ਼ਾਮ ਨੂੰ ਮੋਹਾਲੀ ਵਾਪਸ ਆ ਜਾਂਦੇ ਸਨ। ਪੁਲਿਸ ਮੁਤਾਬਕ, ਇਸ ਤੋਂ ਪਹਿਲਾਂ ਵੀ ਉਨ੍ਹਾਂ ‘ਤੇ ਦੋ ਵਾਰ ਹਮਲੇ ਦੀ ਕੋਸ਼ਿਸ਼ ਹੋ ਚੁੱਕੀ ਸੀ ਅਤੇ ਇਸ ਸਬੰਧੀ ਮੋਹਾਲੀ ਵਿੱਚ ਦੋ ਕੇਸ ਦਰਜ ਸਨ।
ਖੇਤੀਬਾੜੀ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਅਵਤਾਰ ਸਿੰਘ ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਛੱਡ ਗਏ।
6 ਸਾਲ ਬਾਅਦ CBI ਨੇ ਸੰਭਾਲੀ ਜਾਂਚ
ਪੰਜਾਬ ਪੁਲਿਸ ਨੇ ਕਰੀਬ ਛੇ ਸਾਲ ਤੱਕ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਕਈ ਦਾਅਵੇ ਵੀ ਕੀਤੇ, ਪਰ ਨਾ ਤਾਂ ਸ਼ੂਟਰਾਂ ਤੱਕ ਪਹੁੰਚ ਸਕੀ ਅਤੇ ਨਾ ਹੀ ਸਾਜ਼ਿਸ਼ ਦੇ ਮੁੱਖ ਚਿਹਰਿਆਂ ਦਾ ਪਰਦਾਫਾਸ਼ ਕਰ ਸਕੀ।
ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਹਾਈ-ਪ੍ਰੋਫਾਈਲ ਹੋਣ ਕਾਰਨ ਪੰਜਾਬ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ। ਚੰਡੀਗੜ੍ਹ ਸਥਿਤ ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਨੇ ਮਾਮਲਾ ਆਪਣੇ ਹੱਥ ਵਿੱਚ ਲੈ ਕੇ ਨਵੀਂ ਐਫਆਈਆਰ ਦਰਜ ਕੀਤੀ ਅਤੇ ਮੁੜ ਜਾਂਚ ਸ਼ੁਰੂ ਕੀਤੀ।
ਸੀਬੀਆਈ ਨੇ ਪੁਰਾਣੀਆਂ ਫਾਈਲਾਂ ਖੋਲ੍ਹ ਕੇ ਗਵਾਹਾਂ ਦੇ ਦੁਬਾਰਾ ਬਿਆਨ ਦਰਜ ਕੀਤੇ ਅਤੇ ਸਖ਼ਤ ਸੁਰੱਖਿਆ ਹੇਠ ਨਾਮਧਾਰੀ ਸੰਪਰਦਾਇ ਦੇ ਦੋਵਾਂ ਧੜਿਆਂ ਨਾਲ ਪੁੱਛਗਿੱਛ ਵੀ ਕੀਤੀ। ਇਸ ਦੇ ਬਾਵਜੂਦ ਅਜੇ ਤੱਕ ਸ਼ੂਟਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।