ਦਿਨ-ਦਿਹਾੜੇ ਆੜ੍ਹਤੀ ਤੋਂ 15 ਲੱਖ ਤੇ ਗੱਡੀ ਦੀ ਲੁੱਟ, ਵਾਰਦਾਤ ਨੂੰ ਅੰਜ਼ਾਮ ਦੇ ਫਰਾਰ ਹੋਏ ਲੁਟੇਰੇ
Khanna Robbery Case; ਲੁਧਿਆਣਾ ਦੇ ਖੰਨਾ ਵਿੱਚ ਦਿਨ-ਦਿਹਾੜੇ ਕਰੀਬ 2 ਵਜੇ ਆੜ੍ਹਤੀ ਤੋਂ ਗਨ ਪੁਆਇੰਟ ‘ਤੇ 15 ਲੱਖ ਰੁਪਏ ਅਤੇ ਗੱਡੀ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ। ਆੜ੍ਹਤੀ ਨੇ ਇਹ ਰਕਮ ਬੈਂਕ ਤੋਂ ਕਢਵਾਈ ਸੀ। ਜਿਵੇਂ ਹੀ ਉਹ ਨਕਦੀ ਲੈ ਕੇ ਆਪਣੀ ਗੱਡੀ ਵਿੱਚ ਬੈਠੇ ਤਾਂ ਲੁਟੇਰਿਆਂ ਨੇ ਗਨ ਪੁਆਇੰਟ ‘ਤੇ ਉਨ੍ਹਾਂ ਨੂੰ ਲੁੱਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਲੁਧਿਆਣਾ ਤੋਂ ਬਾਹਰ ਜਾਣ ਵਾਲੇ ਰਸਤੇ ਸੀਲ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਦੀਆਂ ਕਈ ਟੀਮਾਂ ਲੁਟੇਰਿਆਂ ਦੀ ਭਾਲ ਲਈ ਵੱਖ-ਵੱਖ ਰਸਤਿਆਂ ‘ਤੇ ਭੇਜੀਆਂ ਗਈਆਂ ਹਨ। ਫਿਲਹਾਲ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਅਮਲੋਹ ‘ਚ ਕਾਰੋਬਾਰ, ਖੰਨਾ ‘ਚ ਵੀ ਕਰਦੇ ਸਨ ਲੈਣ-ਦੇਣ
ਲੁੱਟ ਦਾ ਸ਼ਿਕਾਰ ਹੋਏ ਆੜ੍ਹਤੀ ਨੂੰ ਪੁਲਿਸ ਨੇ ਆਪਣੀ ਸੁਰੱਖਿਆ ਵਿੱਚ ਰੱਖਿਆ ਹੋਇਆ ਹੈ। ਫਿਲਹਾਲ ਉਨ੍ਹਾਂ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੁਲਿਸ ਮੁਤਾਬਕ ਆੜ੍ਹਤੀ ਦਾ ਅਮਲੋਹ ਦੇ ਪਿੰਡ ਭੱਦਲਥੂਹਾ ਵਿੱਚ ਆੜ੍ਹਤੀ ਦਾ ਕਾਰੋਬਾਰ ਹੈ। ਉਹ ਖੰਨਾ ਵਿੱਚ ਵੀ ਕਾਰੋਬਾਰ ਦੇ ਸਿਲਸਿਲੇ ਵਿੱਚ ਪੈਸਿਆਂ ਦਾ ਲੈਣ-ਦੇਣ ਕਰਦੇ ਸਨ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਲੁੱਟ ਦੀ ਜਾਂਚ ਖੰਨਾ ਸਿਟੀ ਥਾਣਾ ਨੰਬਰ 1 ਦੀ ਪੁਲਿਸ ਕਰ ਰਹੀ ਹੈ। ਥਾਣਾ ਸਿਟੀ-1 ਦੇ SHO ਹਰਵਿੰਦਰ ਸਿੰਘ ਨੇ ਲੁੱਟ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ SSP ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਪੂਰੇ ਇਲਾਕੇ ਨੂੰ ਸੀਲ ਕਰਵਾਉਣ ਦੇ ਨਿਰਦੇਸ਼ ਦਿੱਤੇ। ਸਿਟੀ ਥਾਣਾ-1 ਅਤੇ CIA ਸਟਾਫ ਦੀਆਂ ਟੀਮਾਂ ਲੁਟੇਰਿਆਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
