10ਵੀਂ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ’ਚ ਮੌਤ, CCTV ’ਚ ਦਿਖੇ ਦੋ ਨੌਜਵਾਨ, ਪੋਸਟਮਾਰਟਮ ਤੋਂ ਖੁੱਲੇਗਾ ਰਾਜ਼
Amritsar Student Death; ਅੰਮ੍ਰਿਤਸਰ ਦੇ ਜਬੋਵਾਲ ਪਿੰਡ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 15 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ। ਗੁਰਸੇਵਕ ਸਿੰਘ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਦਾ ਹੋਣਹਾਰ ਖਿਡਾਰੀ ਵੀ ਦੱਸਿਆ ਜਾ ਰਿਹਾ ਹੈ।
ਕਿਸ਼ੋਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁੱਢਲੀ ਜਾਂਚ ਵਿੱਚ ਗਲਾ ਘੁੱਟਣ ਕਾਰਨ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
CCTV ਫੁਟੇਜ ਦੀ ਜਾਂਚ ’ਚ ਜੁਟੀ ਪੁਲਿਸ
ਘਟਨਾ ਨਾਲ ਜੁੜੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਨੌਜਵਾਨ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਪੁਲਿਸ ਨੇ ਇਸ ਫੁਟੇਜ ਨੂੰ ਜਾਂਚ ਦਾ ਅਹਿਮ ਹਿੱਸਾ ਬਣਾਇਆ ਹੈ ਅਤੇ CCTV ਵਿੱਚ ਨਜ਼ਰ ਆ ਰਹੇ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ CCTV ਵਿੱਚ ਦਿਖਾਈ ਦੇ ਰਹੇ ਨੌਜਵਾਨਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਮੌਕੇ ’ਤੇ ਪਹੁੰਚੇ DSP ਜੰਡਿਆਲਾ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 15 ਸਾਲ ਸੀ ਅਤੇ ਉਹ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਲਿਸ ਮੁਤਾਬਕ ਫਿਲਹਾਲ ਸਰੀਰ ’ਤੇ ਕੋਈ ਸਪੱਸ਼ਟ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਮੌਤ ਦੇ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਪੁਲਿਸ ਨੇ ਲਾਸ਼ ਨੂੰ ਬਾਬਾ ਬਕਾਲਾ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
