14 ਸਾਲਾ ਨਾਬਾਲਗ ਖਿਡਾਰੀ ਦੀ ਫੁੱਟਬਾਲ ਮੈਚ ਖੇਡਦੇ ਸਮੇਂ ਹੋਈ ਮੌਤ
Punjab News: ਅਬੋਹਰ ਦੇ ਪਿੰਡ ਧਰਾਂਗਵਾਲਾ ‘ਚ ਫੁੱਟਬਾਲ ਖੇਡਦੇ ਹੋਏ 14 ਸਾਲਾ ਨਾਬਾਲਗ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਇਹ ਘਟਨਾ ਐਤਵਾਰ ਨੂੰ ਮਹਾਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੌਰਾਨ ਵਾਪਰੀ। ਖਿਡਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਜੱਸੂ ਉਰਫ ਜਸਮੀਤ ਵਾਸੀ ਮਲੋਟ ਪਿੰਡ ਆਲਮਵਾਲਾ ਵਜੋਂ ਹੋਈ ਹੈ। ਪਿੰਡ ਦੇ ਵਸਨੀਕ ਪਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਮੈਚ ਦੌਰਾਨ ਜੱਸੂ ਫੁਟਬਾਲ ਖੇਡਦੇ ਹੀ ਅਚਾਨਕ ਮੈਦਾਨ ਵਿੱਚ ਡਿੱਗ ਪਿਆ।
ਤਿੰਨ ਭੈਣਾਂ ਦਾ ਇਕਲੌਤਾ ਭਰਾ
ਮੈਦਾਨ ‘ਤੇ ਮੌਜੂਦ ਹੋਰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਚੁੱਕਿਆ ਅਤੇ ਤੁਰੰਤ ਨਿੱਜੀ ਡਾਕਟਰ ਕੋਲ ਲੈ ਗਏ। ਉਥੋਂ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜੱਸੂ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਅਤੇ ਸਭ ਤੋਂ ਛੋਟਾ ਭਰਾ ਸੀ। ਉਸ ਦਾ ਪਿਤਾ ਪਿੰਡ ਵਿੱਚ ਮਜ਼ਦੂਰੀ ਕਰਦਾ ਹੈ। ਪਹਿਲੀ ਨਜ਼ਰੇ ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮਾਮਲੇ ਦੀ ਜਾਂਚ ਥਾਣਾ ਸਦਰ ਦੇ ਏਐਸਆਈ ਗੁਰਮੀਤ ਸਿੰਘ ਕਰ ਰਹੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ।