15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ
- ਮੁੱਖ ਮੁਲਜ਼ਮਾਂ ਨੂੰ 10-10 ਸਾਲ ਦੀ ਕੈਦ
- ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫ਼ੈਸਲਾ
- ਦੋਸ਼ੀਆਂ ’ਤੇ 11 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ
15-Year-Old Citrus Council Scam: ਮੁਹਾਲੀ: ਪੰਜਾਬ ਦੀਆਂ ਚਾਰ ਸਰਕਾਰੀ ਖੇਤੀਬਾੜੀ ਕੌਂਸਲਾਂ ਨਾਲ ਜੁੜੇ ਕਰੀਬ 21.5 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ 15 ਸਾਲ ਪੁਰਾਣੇ ਮਾਮਲੇ ਵਿੱਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 9 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 7 ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਕੁੱਲ 11 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਵਧੀਕ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਮੁੱਖ ਦੋਸ਼ੀਆਂ ਵਿਕਰਮਜੀਤ ਸਿੰਘ ਚਿਮਨੀ ਅਤੇ ਗੁਰਪ੍ਰੀਤ ਸਿੰਘ ਨੈਨ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਜਦਕਿ ਹੋਰ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਵੱਧ ਤੋਂ ਵੱਧ 7 ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਸੀਰਤ ਢਿੱਲੋਂ ਵੀ ਦੋਸ਼ੀਆਂ ਵਿੱਚ ਸ਼ਾਮਲ
ਸਜ਼ਾ ਪਾਉਣ ਵਾਲਿਆਂ ਵਿੱਚ ਸੀਰਤ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ। ਉਹ ਆਪਣੇ ਪਤੀ ਏਕਮ ਸਿੰਘ ਢਿੱਲੋਂ ਦੇ ਕਤਲ ਦੇ ਮਾਮਲੇ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ।
ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਲੱਗੇ ਸਨ ਦੋਸ਼
ਇਸ ਮਾਮਲੇ ਵਿੱਚ ਮੁਲਜ਼ਮਾਂ ਵਿਰੁੱਧ ਸਰਕਾਰੀ ਫੰਡਾਂ ਦੀ ਕਥਿਤ ਹੇਰਾਫੇਰੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਸਮੇਤ ਹੋਰ ਦੋਸ਼ ਲਾਏ ਗਏ ਸਨ। ਮਾਮਲਾ ਸਿਟਰਸ ਕੌਂਸਲਾਂ ਨਾਲ ਸਬੰਧਤ ਵਿੱਤੀ ਬੇਨਿਯਮੀਆਂ ਨਾਲ ਜੁੜਿਆ ਹੋਇਆ ਹੈ। ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨਾਲ ਇਸ ਲੰਬੇ ਸਮੇਂ ਤੋਂ ਚੱਲ ਰਹੇ ਮਾਮਲੇ ਵਿੱਚ ਅਹਿਮ ਕਾਨੂੰਨੀ ਕਾਰਵਾਈ ਪੂਰੀ ਹੋਈ ਹੈ।
