ਬਲੋਚਿਸਤਾਨ ‘ਚ 150 ਸਾਲ ਪੁਰਾਣਾ ਗੁਰਦੁਆਰਾ ਢਾਹਿਆ: BJP ਆਗੂ RP ਸਿੰਘ ਨੇ ਭਾਰਤ ਸਰਕਾਰ ਦੇ ਦਖਲ ਦੀ ਕੀਤੀ ਮੰਗ
150-year-old gurdwara demolished in Balochistan: ਨਵੀਂ ਦਿੱਲੀ: ਬਲੋਚਿਸਤਾਨ ਵਿੱਚ ਕਰੀਬ 150 ਸਾਲ ਪੁਰਾਣੇ ਇੱਕ ਗੁਰਦੁਆਰਾ ਸਾਹਿਬ ਨੂੰ ਢਾਹੇ ਜਾਣ ਦੇ ਮਾਮਲੇ ਨੇ ਸਿਆਸੀ ਅਤੇ ਧਾਰਮਿਕ ਪੱਧਰ ‘ਤੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਮਾਮਲੇ ‘ਤੇ ਭਾਜਪਾ ਆਗੂ ਆਰ.ਪੀ. ਸਿੰਘ ਨੇ ਸਖ਼ਤ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਸਿੱਖ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਰ.ਪੀ. ਸਿੰਘ ਨੇ ਦੋਸ਼ ਲਗਾਇਆ ਕਿ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਦੀ ਥਾਂ ਮਾਲ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਿਰਫ਼ ਇਮਾਰਤਾਂ ਜਾਂ ਜ਼ਮੀਨ ਦੇ ਟੁਕੜੇ ਨਹੀਂ ਹੁੰਦੇ, ਸਗੋਂ ਉਹ ਕਿਸੇ ਭਾਈਚਾਰੇ ਦੇ ਇਤਿਹਾਸ, ਆਸਥਾ, ਸੰਘਰਸ਼ ਅਤੇ ਕੁਰਬਾਨੀਆਂ ਨਾਲ ਜੁੜੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਇੱਕ ਸਮੇਂ ਬਲੋਚਿਸਤਾਨ ਵਿੱਚ ਕਰੀਬ 12 ਗੁਰਦੁਆਰੇ ਮੌਜੂਦ ਸਨ, ਪਰ ਹੁਣ ਉੱਥੇ ਸਿਰਫ਼ ਦੋ ਗੁਰਦੁਆਰੇ ਹੀ ਬਚੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਸਥਿਤੀ ਨੂੰ ਉਨ੍ਹਾਂ ਨੇ ਸਿੱਖ ਧਾਰਮਿਕ ਵਿਰਾਸਤ ਲਈ ਚਿੰਤਾਜਨਕ ਦੱਸਿਆ।
ਭਾਜਪਾ ਆਗੂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਗੰਭੀਰ ਮਾਮਲੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਏ ਅਤੇ ਸਿੱਖਾਂ ਦੇ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ।
