ਕੱਪੜਿਆਂ ਦੇ ਸ਼ੋਅਰੂਮ ਦੇ ਟ੍ਰਾਇਲ ਰੂਮ ’ਚ 18 ਸਾਲਾ ਲੜਕੀ ਦਾ ਕਤਲ, CCTV ’ਚ ਕੈਦ ਹੋਈ ਵਾਰਦਾਤ
ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ 18 ਸਾਲਾ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨਾਲ ਸਬੰਧਤ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜ਼ਮ ਲੜਕੀ ਨਾਲ ਕੁੱਟਮਾਰ ਕਰਦਾ ਅਤੇ ਉਸ ਨੂੰ ਘਸੀਟ ਕੇ ਟ੍ਰਾਇਲ ਰੂਮ ਵਿੱਚ ਲਿਜਾਂਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕਾ ਦੀ ਪਛਾਣ ਸ਼ਬਨਮ ਅਤੇ ਮੁਲਜ਼ਮ ਦੀ ਪਛਾਣ ਸੂਰਜ ਵਜੋਂ ਹੋਈ ਹੈ। ਸ਼ਬਨਮ ਮੋਤੀ ਨਗਰ ਮੈਟਰੋ ਸਟੇਸ਼ਨ ਨੇੜੇ ਸਥਿਤ ਸ਼ੋਅਰੂਮ ਵਿੱਚ ਕੰਮ ਕਰਦੀ ਸੀ ਅਤੇ ਆਪਣੇ ਪਰਿਵਾਰ ਨਾਲ ਪੱਛਮੀ ਦਿੱਲੀ ਵਿੱਚ ਰਹਿੰਦੀ ਸੀ।
CCTV ਫੁਟੇਜ ਮੁਤਾਬਕ, ਸੰਤਰੀ ਰੰਗ ਦੀ ਟੀ-ਸ਼ਰਟ ਪਹਿਨ ਕੇ ਆਇਆ ਮੁਲਜ਼ਮ ਸਿੱਧਾ ਸ਼ੋਅਰੂਮ ਵਿੱਚ ਦਾਖ਼ਲ ਹੋਇਆ ਅਤੇ ਸ਼ਬਨਮ ’ਤੇ ਹਮਲਾ ਕਰ ਦਿੱਤਾ। ਉਸ ਨੇ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਵਾਲਾਂ ਤੋਂ ਫੜ ਕੇ ਉਸ ਨੂੰ ਖੜ੍ਹਾ ਕੀਤਾ। ਇਸ ਤੋਂ ਬਾਅਦ ਉਹ ਰੋਂਦੀ ਹੋਈ ਲੜਕੀ ਨੂੰ ਘਸੀਟ ਕੇ ਟ੍ਰਾਇਲ ਰੂਮ ਵਿੱਚ ਲੈ ਗਿਆ। ਬਾਅਦ ਵਿੱਚ ਸ਼ਬਨਮ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਉਸ ਦਾ ਗਲਾ ਵੱਢਿਆ ਹੋਇਆ ਸੀ।
ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਨੂੰ ਜਦੋਂ ਸ਼ਬਨਮ ਦੀ ਡਿਊਟੀ ਖ਼ਤਮ ਹੋਣ ਵਾਲੀ ਸੀ ਤਾਂ ਸੂਰਜ ਸ਼ੋਅਰੂਮ ਵਿੱਚ ਆਇਆ ਅਤੇ ਕਥਿਤ ਤੌਰ ’ਤੇ ਟ੍ਰਾਇਲ ਰੂਮ ਵਿੱਚ ਉਸ ਦੀ ਹੱਤਿਆ ਕਰ ਦਿੱਤੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋਵਾਂ ਵਿਚਾਲੇ ਪਹਿਲਾਂ ਗੂੜ੍ਹੀ ਦੋਸਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਸੀ। ਸ਼ਨੀਵਾਰ ਰਾਤ ਕਰੀਬ 9 ਵਜੇ ਜਦੋਂ ਸ਼ੋਅਰੂਮ ਦੇ ਕਰਮਚਾਰੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਟ੍ਰਾਇਲ ਰੂਮ ਦੀ ਜਾਂਚ ਦੌਰਾਨ ਸ਼ਬਨਮ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦਿੱਲੀ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ।
ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਿਸ ਸ਼ੋਅਰੂਮ ਦੀ CCTV ਫੁਟੇਜ ਦੀ ਜਾਂਚ ਕਰਕੇ ਘਟਨਾ ਦਾ ਪੂਰਾ ਘਟਨਾਕ੍ਰਮ ਤਿਆਰ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ, ਕਤਲ ਦੇ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕਪਾਸੜ ਪਿਆਰ ਅਤੇ ਦੋਵਾਂ ਵਿਚਾਲੇ ਆਪਸੀ ਝਗੜੇ ਨੂੰ ਵੀ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ।