2027 ਵਨਡੇ ਵਰਲਡ ਕੱਪ ਦਾ ਸ਼ਡਿਊਲ ਜਾਰੀ: ਪੜ੍ਹੋ ਕਦੋਂ ਹੋਵੇਗਾ ਭਾਰਤ-ਪਾਕਿਸਤਾਨ ਮੈਚ
- ਨਵੇਂ ਫਾਰਮੈਟ ’ਚ ਦੋਵਾਂ ਟੀਮਾਂ ਵਿਚਾਲੇ 3 ਵਾਰ ਹੋ ਸਕਦਾ ਹੈ ਮੁਕਾਬਲਾ
- 2 ਅਕਤੂਬਰ 2027 ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
2027 ODI World Cup schedule released: ਨਵੀਂ ਦਿੱਲੀ: ਆਈਸੀਸੀ ਨੇ 2027 ਵਨਡੇ ਵਰਲਡ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ ਅਤੇ ਦੋਵਾਂ ਟੀਮਾਂ ਵਿਚਾਲੇ ਗਰੁੱਪ ਪੜਾਅ ਦਾ ਮੁਕਾਬਲਾ 10 ਅਕਤੂਬਰ ਨੂੰ ਹੋਵੇਗਾ। ਨਵੇਂ ਫਾਰਮੈਟ ਕਾਰਨ ਟੂਰਨਾਮੈਂਟ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਵੱਧ ਤੋਂ ਵੱਧ 3 ਮੁਕਾਬਲੇ ਹੋ ਸਕਦੇ ਹਨ। ਵਰਲਡ ਕੱਪ 2 ਅਕਤੂਬਰ ਤੋਂ 21 ਨਵੰਬਰ ਤੱਕ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਵੇਗਾ। ਪਹਿਲੀ ਵਾਰ 14 ਟੀਮਾਂ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਅਤੇ ਕੁੱਲ 57 ਮੈਚ 12 ਸਥਾਨਾਂ ’ਤੇ ਖੇਡੇ ਜਾਣਗੇ।
ਭਾਰਤ ਦਾ ਪਹਿਲਾ ਮੁਕਾਬਲਾ ਆਸਟ੍ਰੇਲੀਆ ਨਾਲ
ਭਾਰਤੀ ਟੀਮ ਆਪਣਾ ਪਹਿਲਾ ਮੈਚ 7 ਅਕਤੂਬਰ ਨੂੰ ਕੇਪ ਟਾਊਨ ਵਿੱਚ 2023 ਦੀ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ ਖੇਡੇਗੀ। 2023 ਦੇ ਵਨਡੇ ਵਰਲਡ ਕੱਪ ਦੇ ਫਾਈਨਲ ਵਿੱਚ ਵੀ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ।
ਗਰੁੱਪ-ਏ ਵਿੱਚ ਭਾਰਤ, ਪਾਕਿਸਤਾਨ ਤੇ ਆਸਟ੍ਰੇਲੀਆ
ਗਰੁੱਪ-ਏ ਵਿੱਚ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਮੇਜ਼ਬਾਨ ਜ਼ਿੰਬਾਬਵੇ ਨੂੰ ਰੱਖਿਆ ਗਿਆ ਹੈ। ਗਰੁੱਪ-ਬੀ ਵਿੱਚ ਇੰਗਲੈਂਡ, ਦੱਖਣੀ ਅਫਰੀਕਾ, ਸ੍ਰੀਲੰਕਾ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਦੋਵਾਂ ਗਰੁੱਪਾਂ ਵਿੱਚ ਇੱਕ-ਇੱਕ ਟੀਮ ਕੁਆਲੀਫਾਇਰ ਰਾਹੀਂ ਸ਼ਾਮਲ ਹੋਵੇਗੀ।
ਭਾਰਤ-ਪਾਕਿਸਤਾਨ 3 ਵਾਰ ਹੋ ਸਕਦੇ ਹਨ ਆਹਮੋ-ਸਾਹਮਣੇ
ਨਵੇਂ ਫਾਰਮੈਟ ਤਹਿਤ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੁਕਾਬਲਾ ਗਰੁੱਪ ਪੜਾਅ ਵਿੱਚ ਹੋਵੇਗਾ। ਜੇਕਰ ਦੋਵੇਂ ਟੀਮਾਂ ਅਗਲੇ ਸੁਪਰ-7 ਪੜਾਅ ਵਿੱਚ ਪਹੁੰਚਦੀਆਂ ਹਨ ਤਾਂ ਦੂਜੀ ਵਾਰ ਟੱਕਰ ਹੋ ਸਕਦੀ ਹੈ। ਇਸ ਤੋਂ ਬਾਅਦ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਵਿੱਚ ਪਹੁੰਚ ਕੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਤੀਜਾ ਮੁਕਾਬਲਾ ਵੀ ਹੋ ਸਕਦਾ ਹੈ।
ਕਿਵੇਂ ਹੋਵੇਗਾ ਨਵਾਂ ਫਾਰਮੈਟ ?
ਟੂਰਨਾਮੈਂਟ ਦੀ ਸ਼ੁਰੂਆਤ ਸੁਪਰ ਸੀਰੀਜ਼ ਨਾਲ ਹੋਵੇਗੀ, ਜਿਸ ਵਿੱਚ ਰੈਂਕਿੰਗ ਦੇ ਆਧਾਰ ’ਤੇ 12ਵੇਂ, 13ਵੇਂ ਅਤੇ 14ਵੇਂ ਸਥਾਨ ਵਾਲੀਆਂ ਤਿੰਨ ਟੀਮਾਂ ਰਾਊਂਡ-ਰੌਬਿਨ ਮੁਕਾਬਲੇ ਖੇਡਣਗੀਆਂ। ਇਨ੍ਹਾਂ ਵਿੱਚੋਂ ਚੋਟੀ ’ਤੇ ਰਹਿਣ ਵਾਲੀ ਟੀਮ ਗਰੁੱਪ ਪੜਾਅ ਵਿੱਚ ਪਹੁੰਚੇਗੀ। ਇਸ ਤੋਂ ਬਾਅਦ 12 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਹਰ ਗਰੁੱਪ ਵਿੱਚ 6-6 ਟੀਮਾਂ ਹੋਣਗੀਆਂ ਅਤੇ ਹਰ ਟੀਮ ਆਪਣੇ ਗਰੁੱਪ ਦੀਆਂ ਬਾਕੀ 5 ਟੀਮਾਂ ਨਾਲ ਖੇਡੇਗੀ। ਇਸ ਪੜਾਅ ਤੋਂ ਬਾਅਦ ਸੁਪਰ-7 ਵਿੱਚ 7 ਟੀਮਾਂ ਪਹੁੰਚਣਗੀਆਂ। ਸੁਪਰ-7 ਵਿੱਚ ਹਰ ਟੀਮ ਦੂਜੀਆਂ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ ਅਤੇ ਗਰੁੱਪ ਪੜਾਅ ਦੇ ਅੰਕ ਇੱਥੇ ਨਹੀਂ ਜੋੜੇ ਜਾਣਗੇ। ਸੁਪਰ-7 ਦੀਆਂ ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਪਹਿਲੇ ਸਥਾਨ ਵਾਲੀ ਟੀਮ ਦਾ ਮੁਕਾਬਲਾ ਚੌਥੇ ਅਤੇ ਦੂਜੇ ਸਥਾਨ ਵਾਲੀ ਟੀਮ ਦਾ ਮੁਕਾਬਲਾ ਤੀਜੇ ਸਥਾਨ ਵਾਲੀ ਟੀਮ ਨਾਲ ਹੋਵੇਗਾ। ਸੈਮੀਫਾਈਨਲ ਜਿੱਤਣ ਵਾਲੀਆਂ ਟੀਮਾਂ ਫਾਈਨਲ ਖੇਡਣਗੀਆਂ।
12 ਸਥਾਨਾਂ ’ਤੇ ਹੋਣਗੇ ਮੁਕਾਬਲੇ
ਵਰਲਡ ਕੱਪ ਦੇ ਮੈਚ 12 ਸਥਾਨਾਂ ’ਤੇ ਹੋਣਗੇ। ਇਨ੍ਹਾਂ ਵਿੱਚ 8 ਦੱਖਣੀ ਅਫਰੀਕਾ, 3 ਜ਼ਿੰਬਾਬਵੇ ਅਤੇ 1 ਨਾਮੀਬੀਆ ਵਿੱਚ ਹੋਵੇਗਾ। ਨਾਮੀਬੀਆ ਪਹਿਲੀ ਵਾਰ ਪੁਰਸ਼ਾਂ ਦੇ ਸੀਨੀਅਰ ਵਨਡੇ ਵਰਲਡ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ 17 ਨਵੰਬਰ ਨੂੰ ਕੇਪ ਟਾਊਨ ਅਤੇ ਦੂਜਾ 18 ਨਵੰਬਰ ਨੂੰ ਤਸ਼ਵਾਨੇ ਦੇ ਸੁਪਰਸਪੋਰਟ ਪਾਰਕ ਵਿੱਚ ਖੇਡਿਆ ਜਾਵੇਗਾ। ਦੋਵਾਂ ਸੈਮੀਫਾਈਨਲਾਂ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ।
ਫਾਈਨਲ 21 ਨਵੰਬਰ ਨੂੰ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਵਿੱਚ ਹੋਵੇਗਾ। ਇਸ ਮੈਦਾਨ ’ਤੇ ਹੀ 2003 ਵਰਲਡ ਕੱਪ ਦਾ ਫਾਈਨਲ ਵੀ ਖੇਡਿਆ ਗਿਆ ਸੀ। ਫਾਈਨਲ ਲਈ 22 ਨਵੰਬਰ ਨੂੰ ਰਿਜ਼ਰਵ ਡੇ ਰੱਖਿਆ ਗਿਆ ਹੈ।
