ਖਡੂਰ ਸਾਹਿਬ ’ਚ ਦਿਨ-ਦਿਹਾੜੇ 22 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ
- 10 ਦਿਨ ਪਹਿਲਾਂ ਹੀ ਬਣਿਆ ਸੀ ਪੁੱਤਰ ਦਾ ਪਿਤਾ
ਤਰਨਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ ਵਿੱਚ ਦਿਨ-ਦਿਹਾੜੇ ਇੱਕ 22 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਖਕੀਰਤ ਸਿੰਘ ਪੁੱਤਰ ਤੇਜਿੰਦਰ ਸਿੰਘ, ਵਾਸੀ ਪੱਤੀ ਗੁਰਮੁਖਾਂ, ਖਡੂਰ ਸਾਹਿਬ ਵਜੋਂ ਹੋਈ ਹੈ। ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਸੁਖਕੀਰਤ ਕਰੀਬ 10 ਦਿਨ ਪਹਿਲਾਂ ਹੀ ਇੱਕ ਪੁੱਤਰ ਦਾ ਪਿਤਾ ਬਣਿਆ ਸੀ। ਘਰ ਵਿੱਚ ਨਵਜੰਮੇ ਬੱਚੇ ਦੀਆਂ ਖ਼ੁਸ਼ੀਆਂ ਅਜੇ ਮੁੱਕੀਆਂ ਵੀ ਨਹੀਂ ਸਨ ਕਿ ਇਸ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ।
ਮੁੱਢਲੀ ਜਾਣਕਾਰੀ ਅਨੁਸਾਰ, ਕੁਝ ਨੌਜਵਾਨਾਂ ਨੇ ਸੁਖਕੀਰਤ ਨੂੰ ਕਿਸੇ ਬਹਾਨੇ ਘਰੋਂ ਬਾਹਰ ਬੁਲਾਇਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਸ ’ਤੇ ਕਿਰਚਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਸੁਖਕੀਰਤ ਦੀ ਮੌਤ ਹੋ ਗਈ, ਜਦਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਣ ’ਤੇ ਗੋਇੰਦਵਾਲ ਸਾਹਿਬ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।