ਦਿੱਲੀ ’ਚ ਖੁੱਲ੍ਹੇ ਮੈਨਹੋਲ ’ਚ ਡਿੱਗੇ 4 ਸਾਲਾ ਬੱਚੇ ਦੀ ਮੌਤ, 24 ਘੰਟਿਆਂ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ’ਚੋਂ ਮਿਲੀ ਲਾਸ਼
ਨਵੀਂ ਦਿੱਲੀ: ਦਿੱਲੀ ਦੇ ਨੰਗਲੀ ਵਿਹਾਰ ਐਕਸਟੈਂਸ਼ਨ ਇਲਾਕੇ ਵਿੱਚ ਖੁੱਲ੍ਹੇ ਮੈਨਹੋਲ ਵਿੱਚ ਡਿੱਗੇ ਚਾਰ ਸਾਲਾ ਬੱਚੇ ਦੀ ਭਾਲ ਲਈ ਚਲਾਇਆ ਗਿਆ ਲਗਭਗ 24 ਘੰਟਿਆਂ ਦਾ ਬਚਾਅ ਅਭਿਆਨ ਬੁੱਧਵਾਰ ਨੂੰ ਦੁਖਦਾਈ ਅੰਤ ਨਾਲ ਸਮਾਪਤ ਹੋਇਆ। ਬਚਾਅ ਟੀਮ ਨੂੰ ਨਿਹਾਲ ਵਿਹਾਰ ਦੇ ਨਿਲੋਠੀ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਵਿੱਚੋਂ ਬੱਚੇ ਦੀ ਲਾਸ਼ ਕਈ ਟੁਕੜਿਆਂ ਵਿੱਚ ਮਿਲੀ। ਲਾਸ਼ ਦੀ ਪਛਾਣ ਦੀ ਪੁਸ਼ਟੀ ਲਈ DNA ਜਾਂਚ ਕਰਵਾਈ ਜਾਵੇਗੀ। ਜਾਣਕਾਰੀ ਮੁਤਾਬਕ ਬੱਚਾ 10 ਨਵੰਬਰ ਨੂੰ ਦੁਪਹਿਰ ਕਰੀਬ 3:21 ਵਜੇ ਬਾਪਰੋਲਾ ਇਲਾਕੇ ਦੇ ਖੇਰੀ ਬਾਬਾ ਪੁਲ ਨੇੜੇ ਇੱਕ ਮੈਨਹੋਲ ਵਿੱਚ ਡਿੱਗ ਗਿਆ ਸੀ। ਉਹ ਆਪਣੀ ਮਾਂ ਨਾਲ ਦਾਸ ਗਾਰਡਨ ਪਾਰਕ ਗਿਆ ਹੋਇਆ ਸੀ। ਪੁਲਿਸ ਅਨੁਸਾਰ, ਪਖਾਨੇ ਲਈ ਨਾਲੇ ਵੱਲ ਜਾਂਦੇ ਸਮੇਂ ਉਹ ਅਚਾਨਕ ਖੁੱਲ੍ਹੇ ਮੈਨਹੋਲ ਵਿੱਚ ਡਿੱਗ ਪਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ, ਫਾਇਰ ਬ੍ਰਿਗੇਡ, ਸਥਾਨਕ ਗੋਤਾਖੋਰਾਂ ਅਤੇ ਕੌਮੀ ਆਫ਼ਤ ਪ੍ਰਬੰਧਨ ਬਲ (NDRF) ਦੀਆਂ ਟੀਮਾਂ ਨੇ ਭਾਲ ਸ਼ੁਰੂ ਕੀਤੀ। ਮੰਗਲਵਾਰ ਨੂੰ ਕਰੀਬ ਸੱਤ ਘੰਟਿਆਂ ਤੱਕ ਸੀਵਰੇਜ ਅਤੇ ਨੇੜਲੇ ਨਾਲੇ ਵਿੱਚ ਤਲਾਸ਼ੀ ਲਈ ਗਈ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਰਾਤ ਸਮੇਂ ਘੱਟ ਦਿੱਖ ਅਤੇ ਮੁਸ਼ਕਲ ਹਾਲਾਤ ਕਾਰਨ ਅਭਿਆਨ ਰੋਕਣਾ ਪਿਆ, ਜਿਸ ਨੂੰ ਬੁੱਧਵਾਰ ਸਵੇਰੇ ਮੁੜ ਸ਼ੁਰੂ ਕੀਤਾ ਗਿਆ।
ਬਚਾਅ ਟੀਮ ਸੀਵਰੇਜ ਅਤੇ ਡਰੇਨ ਦੇ ਰਸਤੇ ਦੀ ਪੜਤਾਲ ਕਰਦੀ ਹੋਈ ਨਿਲੋਠੀ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚੀ। ਉੱਥੇ ਬੱਚੇ ਦੀ ਲਾਸ਼ ਦੇ ਟੁਕੜੇ ਮਿਲੇ। ਪੁਲਿਸ ਅਧਿਕਾਰੀਆਂ ਮੁਤਾਬਕ, ਸੀਵਰੇਜ ਪਲਾਂਟ ਵਿੱਚ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਲੱਗੀਆਂ ਵੱਡੀਆਂ ਘੁੰਮਣ ਵਾਲੀਆਂ ਮਸ਼ੀਨਾਂ ਕਾਰਨ ਬੱਚੇ ਦੇ ਸਰੀਰ ਦੇ ਟੁਕੜੇ ਹੋਣ ਦਾ ਖ਼ਦਸ਼ਾ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੰਭਾਲ ਅਤੇ ਪੋਸਟਮਾਰਟਮ ਲਈ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106(1) ਤਹਿਤ ਲਾਪਰਵਾਹੀ ਕਾਰਨ ਮੌਤ ਹੋਣ ਦੀ ਸ਼ਿਕਾਇਤ ਦਰਜ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਮੈਨਹੋਲ ਦਾ ਢੱਕਣ ਨੁਕਸਾਨਿਆ ਹੋਣ ਦਾ ਦਾਅਵਾ
ਦਿੱਲੀ ਜਲ ਬੋਰਡ (DJB) ਦੇ ਇੱਕ ਅਧਿਕਾਰੀ ਵੱਲੋਂ ਜਾਰੀ ਬਿਆਨ ਮੁਤਾਬਕ, 10 ਨਵੰਬਰ ਨੂੰ ਸ਼ਾਮ 5:22 ਵਜੇ ਸਬੰਧਤ ਮੇਨਟੀਨੈਂਸ ਅਧਿਕਾਰੀ ਨੂੰ ਫ਼ੋਨ ਰਾਹੀਂ ਬੱਚੇ ਦੇ ਸੀਵਰੇਜ ਮੈਨਹੋਲ ਵਿੱਚ ਡਿੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਬੰਧਤ ਸਟਾਫ਼ ਮੌਕੇ ’ਤੇ ਪਹੁੰਚਿਆ, ਜਿੱਥੇ ਪੁਲਿਸ ਅਤੇ NDRF ਦੀਆਂ ਟੀਮਾਂ ਪਹਿਲਾਂ ਹੀ ਬਚਾਅ ਕਾਰਜ ਸ਼ੁਰੂ ਕਰ ਚੁੱਕੀਆਂ ਸਨ। DJB ਅਧਿਕਾਰੀਆਂ ਨੇ ਮੌਕੇ ਦਾ ਨਿਰੀਖਣ ਕਰਨ ਤੋਂ ਬਾਅਦ ਦੱਸਿਆ ਕਿ ਇੰਟਰਸੈਪਟਰ ਸੀਵਰ ਲਾਈਨ ਨਜਫ਼ਗੜ੍ਹ ਡਰੇਨ ਦੀ ਬੰਦ ਬਾਊਂਡਰੀ ਵਾਲ ਦੇ ਹੇਠੋਂ ਲੰਘਦੀ ਹੈ। ਇਹ ਖੇਤਰ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਸ਼ਰਾਰਤੀ ਅਨਸਰਾਂ ਨੇ ਸੀਵਰੇਜ ਮੈਨਹੋਲ ਦੇ ਢੱਕਣ ਨੂੰ ਨੁਕਸਾਨ ਪਹੁੰਚਾਇਆ ਸੀ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਪਹਿਲਾਂ ਹੋਈਆਂ ਕੁਝ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਪੁਲਿਸ ਨੇ ਇਸ ਹਿੱਸੇ ਵਿੱਚ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਹੋਈ ਸੀ। ਪੁਲਿਸ ਦੀ ਇਜਾਜ਼ਤ ਤੋਂ ਬਿਨਾਂ ਇਸ ਪਾਬੰਦੀਸ਼ੁਦਾ ਖੇਤਰ ਵਿੱਚ ਜਾਣ ਦੀ ਮਨਾਹੀ ਸੀ। ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਵੱਖਰੇ ਤੌਰ ’ਤੇ ਪੇਸ਼ ਕੀਤੀ ਜਾ ਰਹੀ ਹੈ।
ਬੱਚੇ ਦੀ ਸਲਾਮਤੀ ਲਈ ਅਰਦਾਸ ਕਰਦੇ ਰਹੇ ਲੋਕ
ਬਚਾਅ ਅਭਿਆਨ ਦੌਰਾਨ ਬੱਚੇ ਦੇ ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕ ਮੌਕੇ ’ਤੇ ਮੌਜੂਦ ਰਹੇ। ਸਾਰੇ ਲੋਕਾਂ ਨੂੰ ਉਮੀਦ ਸੀ ਕਿ ਬੱਚਾ ਸਹੀ-ਸਲਾਮਤ ਬਾਹਰ ਆ ਜਾਵੇਗਾ। ਇੱਕ ਸਥਾਨਕ ਵਸਨੀਕ ਨੇ ਦੱਸਿਆ ਕਿ ਲੋਕ ਪਰਿਵਾਰ ਨੂੰ ਹੌਸਲਾ ਦੇਣ ਅਤੇ ਇਹ ਅਹਿਸਾਸ ਕਰਵਾਉਣ ਲਈ ਉੱਥੇ ਇਕੱਠੇ ਹੋਏ ਸਨ ਕਿ ਉਹ ਇਸ ਔਖੀ ਘੜੀ ਵਿੱਚ ਇਕੱਲੇ ਨਹੀਂ ਹਨ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਰਿਹਾਇਸ਼ੀ ਖੇਤਰਾਂ ਵਿੱਚ ਖੁੱਲ੍ਹੇ ਮੈਨਹੋਲਾਂ ਅਤੇ ਸੀਵਰੇਜ ਨਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਮੈਨਹੋਲਾਂ ਦੇ ਢੱਕਣਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਬਣਾਇਆ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।