ਰੈਸਟੋਰੈਂਟ ’ਚ ਖਾਣਾ ਖਾਂਦੇ ਸਮੇਂ 42 ਸਾਲਾ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ
ਬੈਂਗਲੁਰੂ: ਬੈਂਗਲੁਰੂ ਦੇ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਸਮੇਂ 42 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ 30 ਅਕਤੂਬਰ ਨੂੰ ਗੋਟਿਗੇਰੇ ਇਲਾਕੇ ਵਿੱਚ ਸਥਿਤ ਗੁਰੂ ਗ੍ਰੀਨਜ਼ ਫੈਮਿਲੀ ਰੈਸਟੋਰੈਂਟ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਚੰਦਰੂ ਵਜੋਂ ਹੋਈ ਹੈ, ਜੋ ਚੰਨਰਾਏਪਟਨਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ, ਚੰਦਰੂ ਪਿਛਲੇ ਕੁਝ ਸਾਲਾਂ ਤੋਂ ਇਸ ਰੈਸਟੋਰੈਂਟ ਦੇ ਬਾਰ ਵਿੱਚ ਕੈਸ਼ੀਅਰ ਵਜੋਂ ਕੰਮ ਕਰਦਾ ਸੀ। ਘਟਨਾ ਸਵੇਰੇ ਕਰੀਬ 11:40 ਵਜੇ ਦੀ ਹੈ, ਜਦੋਂ ਉਹ ਇੱਕ ਮੇਜ਼ ’ਤੇ ਬੈਠ ਕੇ ਖਾਣਾ ਖਾ ਰਿਹਾ ਸੀ। ਇਸੇ ਦੌਰਾਨ ਅਚਾਨਕ ਉਸ ਦੇ ਸੀਨੇ ਵਿੱਚ ਦਰਦ ਹੋਣ ਲੱਗਾ ਅਤੇ ਉਹ ਤੜਫਣ ਤੋਂ ਬਾਅਦ ਮੇਜ਼ ਕੋਲ ਡਿੱਗ ਪਿਆ।
ਪਹਿਲਾਂ ਉਹ ਖੱਬੇ ਪਾਸੇ ਵੱਲ ਡਿੱਗਿਆ ਅਤੇ ਕੁਝ ਸਮੇਂ ਬਾਅਦ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਸੱਜੇ ਪਾਸੇ ਵੱਲ ਫਰਸ਼ ’ਤੇ ਡਿੱਗ ਗਿਆ। ਉਸ ਨੂੰ ਡਿੱਗਦਾ ਦੇਖ ਕੇ ਰੈਸਟੋਰੈਂਟ ਦਾ ਸਟਾਫ ਤੁਰੰਤ ਮਦਦ ਲਈ ਪਹੁੰਚਿਆ। ਕਰਮਚਾਰੀਆਂ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਲਈ ਸੀਪੀਆਰ (CPR) ਵੀ ਦਿੱਤਾ ਅਤੇ ਸਿਰ ’ਤੇ ਪਾਣੀ ਪਾਇਆ, ਪਰ ਕੋਈ ਫਾਇਦਾ ਨਹੀਂ ਹੋਇਆ। ਬਾਅਦ ਵਿੱਚ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਸਾਰੀ ਘਟਨਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਹੁਲੀਮਾਵੂ ਇਲਾਕੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।