500 ਕਿਲੋ ਹੈਰੋਇਨ ਬਰਾਮਦਗੀ ਮਾਮਲਾ: NIA ਨੇ ਮੁਲਜ਼ਮ ਦੀਆਂ ਜਾਇਦਾਦਾਂ ਕੀਤੀਆਂ ਅਟੈਚ
500 kg heroin recovery case: ਅੰਮ੍ਰਿਤਸਰ: 500 ਕਿਲੋ ਹੈਰੋਇਨ ਤਸਕਰੀ ਅਤੇ ਨਾਰਕੋ-ਟੈਰਰ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੰਮ੍ਰਿਤਸਰ ਵਿੱਚ ਇੱਕ ਮੁਲਜ਼ਮ ਦੀਆਂ ਦੋ ਅਚੱਲ ਜਾਇਦਾਦਾਂ ਅਟੈਚ ਕਰ ਲਈਆਂ ਹਨ। NIA ਮੁਤਾਬਕ ਇਹ ਜਾਇਦਾਦਾਂ ਮਾਮਲੇ ਦੇ ਮੁਲਜ਼ਮ ਅਨਵਰ ਮਸੀਹ ਦੇ ਨਾਮ ‘ਤੇ ਦਰਜ ਹਨ। ਅੰਮ੍ਰਿਤਸਰ ਦੇ ਸੁਲਤਾਨਵਿੰਡ ਸਥਿਤ ਆਕਾਸ਼ ਵਿਹਾਰ ਫੇਜ਼-1 ਵਿੱਚ ਪਲਾਟ ਨੰਬਰ 128 ਅਤੇ 129 ਨੂੰ UAPA ਦੀ ਧਾਰਾ 25(1) ਤਹਿਤ ਅਟੈਚ ਕੀਤਾ ਗਿਆ ਹੈ। ਇਹ ਮਾਮਲਾ RC-26/2020/NIA/DLI ਤਹਿਤ ਦਰਜ ਹੈ ਅਤੇ ਇਸ ਨੂੰ ਸਲਾਇਆ ਡਰੱਗ ਸੀਜ਼ਰ ਕੇਸ ਵਜੋਂ ਵੀ ਜਾਣਿਆ ਜਾਂਦਾ ਹੈ। ਮਾਮਲਾ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਭਾਰਤ ਵਿੱਚ 500 ਕਿਲੋ ਹੈਰੋਇਨ ਦੀ ਤਸਕਰੀ ਨਾਲ ਸਬੰਧਤ ਹੈ।
NIA ਦੀ ਜਾਂਚ ਮੁਤਾਬਕ ਅਨਵਰ ਮਸੀਹ ਦੀ ਸ਼ਮੂਲੀਅਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਵਿੱਚ ਸਾਹਮਣੇ ਆਈ ਹੈ, ਜਿਸ ਦੀਆਂ ਕੜੀਆਂ ਇਟਲੀ, ਆਸਟ੍ਰੇਲੀਆ, UAE, ਥਾਈਲੈਂਡ, ਈਰਾਨ ਅਤੇ ਪਾਕਿਸਤਾਨ ਤੱਕ ਜੁੜੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਏਜੰਸੀ ਮੁਤਾਬਕ ਇਸ ਨੈੱਟਵਰਕ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਵੰਡ ਕੀਤੀ ਜਾਂਦੀ ਸੀ ਅਤੇ ਇਸ ਤੋਂ ਪ੍ਰਾਪਤ ਪੈਸੇ ਨੂੰ ਲਸ਼ਕਰ-ਏ-ਤੋਇਬਾ (LeT) ਨਾਲ ਜੁੜੀਆਂ ਅੱਤਵਾਦੀ ਗਤੀਵਿਧੀਆਂ ਦੀ ਫੰਡਿੰਗ ਲਈ ਵਰਤਿਆ ਜਾਂਦਾ ਸੀ।
NIA ਨੇ ਕਿਹਾ ਕਿ ਜਾਂਚ ਦੌਰਾਨ ਅਟੈਚ ਕੀਤੀਆਂ ਗਈਆਂ ਜਾਇਦਾਦਾਂ ਦਾ ਸਬੰਧ ਅੱਤਵਾਦ ਨਾਲ ਜੁੜੀ ਕਥਿਤ ਆਮਦਨ ਨਾਲ ਜੁੜਿਆ ਹੋਇਆ ਹੈ। ਇਸੇ ਆਧਾਰ ‘ਤੇ ਇਨ੍ਹਾਂ ਨੂੰ UAPA ਤਹਿਤ ਅਟੈਚ ਕੀਤਾ ਗਿਆ। ਜਾਇਦਾਦਾਂ ਨੂੰ ਅਟੈਚ ਕਰਨ ਦੀ ਕਾਰਵਾਈ 13 ਅਗਸਤ ਨੂੰ ਗਵਾਹਾਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ। ਅਟੈਚਮੈਂਟ ਆਰਡਰ ਪੜ੍ਹ ਕੇ ਸੁਣਾਇਆ ਗਿਆ ਅਤੇ ਜਾਇਦਾਦਾਂ ‘ਤੇ ਚਿਪਕਾਇਆ ਗਿਆ। ਇਸ ਸਬੰਧੀ ਅਟੈਚਮੈਂਟ ਮੈਮੋਰੈਂਡਮ/ਪੰਚਨਾਮਾ ਵੀ ਤਿਆਰ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਹੁਣ ਤੱਕ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
