ਮਜ਼ਦੂਰ ਪਰਿਵਾਰ ਦੀ 7 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ: ਜਿੱਤੇ 1 ਕਰੋੜ ਰੁਪਏ
7-rupee lottery ticket changed life of laborer’s family: ਕੋਟਕਪੂਰਾ: ਸਿਰਫ਼ 7 ਰੁਪਏ ਦੀ ਲਾਟਰੀ ਟਿਕਟ ਨੇ ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ। ਸਿੱਕਮ ਸਰਕਾਰ ਦੀ ਲਾਟਰੀ ਵਿੱਚ ਪਰਿਵਾਰ ਦੀ ਬਿਮਲਾ ਦੇਵੀ ਨੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਬਿਮਲਾ ਦੇਵੀ ਨੇ ਇਹ ਟਿਕਟ ਇਨਾਮ ਨਿਕਲਣ ਤੋਂ ਇੱਕ ਦਿਨ ਪਹਿਲਾਂ ਹੀ ਰੇਲਵੇ ਸਟੇਸ਼ਨ ਨੇੜੇ ਸਥਿਤ ਸਟਾਰ ਲਾਟਰੀ ਸਟਾਲ ਤੋਂ ਖਰੀਦੀ ਸੀ। ਜਾਣਕਾਰੀ ਅਨੁਸਾਰ, ਸਟਰਿੰਗ ਦਾ ਕੰਮ ਕਰਨ ਵਾਲੇ ਮਜ਼ਦੂਰ ਦੀ ਪਤਨੀ ਬਿਮਲਾ ਦੇਵੀ ਸ਼ਾਮ ਸਮੇਂ ਰੇਲਵੇ ਰੋਡ ’ਤੇ ਕੁਝ ਸਾਮਾਨ ਖਰੀਦਣ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਲਾਟਰੀ ਦੀ ਟਿਕਟ ਖਰੀਦਣ ਦਾ ਮਨ ਬਣਾਇਆ ਅਤੇ ਸਿਰਫ਼ 7 ਰੁਪਏ ਖਰਚ ਕੇ ਟਿਕਟ ਲੈ ਲਈ। ਅਗਲੇ ਦਿਨ ਸ਼ਾਮ ਨੂੰ ਨਤੀਜਾ ਆਉਣ ’ਤੇ ਪਤਾ ਲੱਗਾ ਕਿ ਉਨ੍ਹਾਂ ਦੀ ਟਿਕਟ ’ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
ਲਾਟਰੀ ਸਟਾਲ ਦੇ ਸੰਚਾਲਕ ਨਰੇਸ਼ ਮੋਂਗਾ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਸਟਾਲ ’ਤੇ ਪਹੁੰਚੇ। ਇਸ ਮੌਕੇ ਨਰੇਸ਼ ਮੋਂਗਾ ਨੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਭੰਗੜਾ ਪਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਬਿਮਲਾ ਦੇਵੀ ਨੇ ਕਿਹਾ ਕਿ ਇਸ ਇਨਾਮ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਆਰਥਿਕ ਮੁਸ਼ਕਲਾਂ ਘੱਟ ਹੋਣਗੀਆਂ ਅਤੇ ਬੱਚਿਆਂ ਦੀ ਪਰਵਰਿਸ਼ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੇਗੀ।
ਉੱਧਰ, ਲਾਟਰੀ ਸਟਾਲ ਦੇ ਮਾਲਕ ਨਰੇਸ਼ ਮੋਂਗਾ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਇਹ ਕੰਮ ਕਰ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਦੁਕਾਨ ਰੇਲਵੇ ਸਟੇਸ਼ਨ ਨੇੜੇ ਤਬਦੀਲ ਕੀਤੀ ਸੀ। ਉਨ੍ਹਾਂ ਮੁਤਾਬਕ, ਇਸ ਸਟਾਲ ਤੋਂ ਪਹਿਲਾਂ ਵੀ ਲੱਖਾਂ ਰੁਪਏ ਦੇ ਕਈ ਇਨਾਮ ਨਿਕਲ ਚੁੱਕੇ ਹਨ, ਪਰ ਇੱਕ ਕਰੋੜ ਰੁਪਏ ਦਾ ਇਨਾਮ ਪਹਿਲੀ ਵਾਰ ਨਿਕਲਿਆ ਹੈ। ਉਨ੍ਹਾਂ ਨੇ ਜੇਤੂ ਪਰਿਵਾਰ ਨੂੰ ਵਧਾਈ ਦਿੱਤੀ।