Punjab News: ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਜੀਜਾ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋਣ ਤੋਂ ਬਾਅਦ ਇਲਾਜ ਦਰਮਿਆਨ ਮੌਤ ਹੋ ਗਈ।
ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸਨ, ਜੋ ਕਿ ਆਪਣੇ ਪਿੰਡ ਤੋਂ ਅੰਮ੍ਰਿਤਸਰ ਰਿਹਾਇਸ਼ ਭਾਈ ਮੰਝ ਸਾਹਿਬ ਰੋਡ ਵਿਖੇ ਆ ਰਹੇ ਸਨ। ਮੋਟਰਸਾਈਕਲ ਤੇ ਆ ਰਹੇ ਗੁਰਵਿੰਦਰ ਸਿੰਘ ਦੇ ਅੱਗੇ ਅਚਾਨਕ ਗਾਂ ਆ ਗਈ। ਗਾਂ ਦੇ ਨਾਲ ਟਕਰਾਉਣ ਤੋਂ ਬਾਅਦ ਗੁਰਵਿੰਦਰ ਸਿੰਘ ਸੜਕ ਤੇ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਭਾਰੀ ਸੱਟਾਂ ਲੱਗੀਆਂ। ਸੱਟਾਂ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਗੁਰਵਿੰਦਰ ਸਿੰਘ ਦੀ ਮੰਗਲਵਾਰ ਤੜਕਸਾਰ ਇਲਾਜ ਦਰਮਿਆਨ ਮੌਤ ਹੋ ਗਈ। ਗੁਰਵਿੰਦਰ ਸਿੰਘ 53 ਸਾਲ ਦੇ ਸਨ, ਜਿਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਨੇ ਅਫਸੋਸ ਜਾਹਿਰ ਕੀਤਾ ਹੈ I