ਗਰੀਬ ਪਰਿਵਾਰ ਦੇ ਸੁਪਨਿਆਂ ਨੂੰ ਲੱਗੀ ਅੱਗ, ਕੁੜੀ ਲਈ ਜੋੜਿਆ ਦਾਜ ਦਾ ਸਮਾਨ ਸੜ ਕੇ ਸੁਆਹ
Malout village fire incident; ਮਲੋਟ ਦੇ ਨੇੜਲੇ ਪਿੰਡ ਜੰਡਵਾਲਾ ਚੜਤ ਸਿੰਘ ਵਿੱਚ ਇੱਕ ਗਰੀਬ ਪਰਿਵਾਰ ਉੱਤੇ ਵੱਡੀ ਮੁਸੀਬਤ ਟੁੱਟ ਪਈ ਹੈ। ਕੁੜੀ ਦੇ ਵਿਆਹ ਲਈ ਮੁਸ਼ਕਿਲਾਂ ਨਾਲ ਜੋੜਿਆ ਦਾਜ ਦਾ ਸਮਾਨ ਅੱਗ ਦੀ ਭੇਟ ਚੜ੍ਹ ਗਿਆ ਹੈ।ਘਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਸਾਰਾ ਘਰੇਲੂ ਸਮਾਨ ਵੀ ਸੜ ਕੇ ਰਾਖ ਹੋ ਗਿਆ।
ਪੀੜਿਤ ਪਰਿਵਾਰ ਹੁਣ ਸਰਕਾਰ ਅਤੇ ਸਮਾਜ ਸੇਵੀਆਂ ਕੋਲ ਮਦਦ ਦੀ ਅਪੀਲ ਕਰ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਸਮੇਂ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ ਅਤੇ ਇਸ ਦੌਰਾਨ ਅਚਾਨਕ ਘਰ ਵਿੱਚ ਅੱਗ ਭੜਕ ਉੱਠੀ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਘਰ ਅੰਦਰ ਪਿਆ ਸਾਰਾ ਸਮਾਨ ਕੁਝ ਹੀ ਸਮੇਂ ਵਿੱਚ ਸੜ ਕੇ ਸੁਆਹ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਦੇ ਵਿਆਹ ਲਈ ਬੜੀ ਮੁਸ਼ਕਿਲ ਨਾਲ ਹੌਲੀ-ਹੌਲੀ ਕਰਕੇ ਦਾਜ ਦਾ ਸਮਾਨ ਇਕੱਠਾ ਕੀਤਾ ਸੀ, ਪਰ ਅੱਗ ਨੇ ਉਹ ਸਾਰੇ ਸੁਪਨੇ ਵੀ ਸਾੜ ਦਿੱਤੇ। ਪੀੜਿਤ ਪਰਿਵਾਰ ਮੁਤਾਬਕ ਘਰ ਦਾ ਗੁਜਾਰਾ ਪਹਿਲਾਂ ਹੀ ਬਹੁਤ ਔਖੇ ਹਾਲਾਤਾਂ ਵਿੱਚ ਚੱਲ ਰਿਹਾ ਸੀ ਅਤੇ ਹੁਣ ਇਸ ਵੱਡੇ ਨੁਕਸਾਨ ਤੋਂ ਬਾਅਦ ਉਹ ਮੁੜ ਸਮਾਨ ਬਣਾਉਣ ਦੇ ਯੋਗ ਨਹੀਂ ਹਨ। ਪਰਿਵਾਰ ਨੇ ਪ੍ਰਸ਼ਾਸਨ, ਸਮਾਜ ਸੇਵੀਆਂ ਅਤੇ ਇਲਾਕਾ ਵਾਸੀਆਂ ਕੋਲ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹਨਾਂ ਦੀ ਧੀ ਦੇ ਵਿਆਹ ਅਤੇ ਘਰ ਦੇ ਦੁਬਾਰਾ ਗੁਜਾਰੇ ਲਈ ਸਹਾਇਤਾ ਮਿਲ ਸਕੇ।