ਪੁਰਾਣੀ ਰੰਜਿਸ਼ ਕਾਰਨ ਝਗੜਾ ਬਣਿਆ ਮੌਤ ਦਾ ਕਾਰਨ, ਪੁੱਤਰ ਦੀ ਮਾਰਕੁਟਾਈ ਤੇ ਪਿਤਾ ਨੇ ਖਾਧੀ ਜਹਿਰੀਲੀ ਦਵਾਈ
Latest News: ਗੁਰਦਾਸਪੁਰ ਸ਼ਹਿਰ ਦੇ ਭਿੰਡਰਵਾਲੀ ਗਲੀ ਸਥਿਤ ਅਹੰਕਾਰ ਨਗਰ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਏ ਹੋਏ ਝਗੜੇ ਨੇ ਇੱਕ ਪਰਿਵਾਰ ਦੀ ਖੁਸ਼ੀ ਉਜਾੜ ਦਿੱਤੀ। ਝਗੜੇ ਦੌਰਾਨ ਪੁੱਤਰ ਨਾਲ ਹੋ ਰਹੀ ਮਾਰਕੁਟਾਈ ਨਾ ਰੁਕਣ ਕਾਰਨ ਪਿਤਾ ਨੇ ਜਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਘਟਨਾ ਨਾਲ ਸਬੰਧਤ ਕੁਝ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਮ੍ਰਿਤਕ ਦੇ ਪੁੱਤਰ ਲਵ ਸ਼ਰਮਾ (30), ਜੋ ਕਿ ਈ-ਰਿਕਸ਼ਾ ਚਾਲਕ ਹੈ, ਦੀ ਮਾਰਕੀਟ ਵਿੱਚ ਕੁਝ ਲੋਕਾਂ ਵੱਲੋਂ ਮਾਰਕੁਟਾਈ ਕੀਤੀ ਜਾ ਰਹੀ ਸੀ। ਜਦੋਂ ਪਿਤਾ ਰਜਿੰਦਰ ਕੁਮਾਰ ਸ਼ਰਮਾ (64) ਨੇ ਪੁੱਤਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹਮਲਾਵਰਾਂ ਅੱਗੇ ਹੱਥ ਜੋੜ ਕੇ ਪੁੱਤਰ ਨੂੰ ਛੱਡਣ ਦੀ ਅਪੀਲ ਕੀਤੀ।
ਪਰਿਵਾਰ ਦੇ ਬਿਆਨਾਂ ਅਨੁਸਾਰ, ਪਿਤਾ ਨੇ ਮਾਰਕੁਟਾਈ ਕਰ ਰਹੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਪੁੱਤਰ ਨੂੰ ਨਾ ਛੱਡਿਆ ਗਿਆ ਤਾਂ ਉਹ ਜਹਿਰੀਲੀ ਵਸਤੂ ਖਾ ਲੈਣਗੇ। ਦੋਸ਼ ਹੈ ਕਿ ਜਦੋਂ ਮਾਰਕੁਟਾਈ ਨਾ ਰੁਕੀ ਤਾਂ ਪਿਤਾ ਨੇ ਵਾਕਈ ਜਹਿਰੀਲੀ ਦਵਾਈ ਨਿਗਲ ਲਈ। ਤੁਰੰਤ ਹਸਪਤਾਲ ਲਿਜਾਣ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਪਤਨੀ ਦੇ ਬਿਆਨਾਂ ‘ਤੇ ਪਰਚਾ ਦਰਜ
ਮ੍ਰਿਤਕ ਦੀ ਪਤਨੀ ਨੀਰੂ ਸ਼ਰਮਾ ਦੇ ਬਿਆਨਾਂ ਦੇ ਆਧਾਰ ‘ਤੇ ਗੁਰਦਾਸਪੁਰ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਨਾਮਜ਼ਦ ਪਰਚਾ ਦਰਜ ਕਰ ਲਿਆ ਹੈ। ਨੀਰੂ ਸ਼ਰਮਾ ਨੇ ਦੋਸ਼ ਲਗਾਇਆ ਕਿ ਪਹਿਲਾਂ ਉਸਦੇ ਪੁੱਤਰ ਨਾਲ ਬੇਰਹਿਮੀ ਨਾਲ ਮਾਰਕੁਟਾਈ ਕੀਤੀ ਗਈ ਅਤੇ ਫਿਰ ਉਸਦੇ ਪਤੀ ਦੀ ਜਾਨ ਚਲੀ ਗਈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜੇ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਨਾ ਕੀਤਾ ਗਿਆ ਤਾਂ ਉਹ ਖੁਦ ਵੀ ਜ਼ਹਿਰੀਲਾ ਕਦਮ ਚੁੱਕਣ ਲਈ ਮਜਬੂਰ ਹੋ ਸਕਦੀ ਹੈ।
ਪੁਲਿਸ ਦੀ ਕਾਰਵਾਈ ਜਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਸਬੂਤ ਵਜੋਂ ਖੰਗਾਲਿਆ ਜਾ ਰਿਹਾ ਹੈ। ਦੋਸ਼ੀਆਂ ਦੀ ਗਿਰਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਸ਼ਰਮਾ (64), ਪੁੱਤਰ ਓਮਾ ਪ੍ਰਕਾਸ਼ ਸ਼ਰਮਾ, ਨਿਵਾਸੀ ਮਕਾਨ ਨੰਬਰ 271/17, ਮਹੱਲਾ ਅਹੰਕਾਰ ਨਗਰ, ਭਿੰਡਰਵਾਲੀ ਗਲੀ, ਗੁਰਦਾਸਪੁਰ ਵਜੋਂ ਹੋਈ ਹੈ।