ਕਨਫੈਕਸਰੀ ਦੀ ਦੁਕਾਨ ਵਿੱਚ ਅੱਧੀ ਰਾਤ ਲਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ — ਫਾਇਰ ਬ੍ਰਿਗੇਡ ਨੇ ਦੋ ਘੰਟਿਆਂ ਬਾਅਦ ਕਾਬੂ ਕੀਤਾ
Latest News: ਸਮਾਣਾ ਦੇ ਗਾਂਧੀ ਗਰਾਊਂਡ ਦੇ ਨੇੜੇ ਸਥਿਤ ਵਿੱਕੀ ਕਨਫੈਕਸਰੀ ਵਿੱਚ ਅੱਧੀ ਰਾਤ ਅਚਾਨਕ ਅੱਗ ਭੜਕ ਗਈ। ਦੁਕਾਨ ਦੇ ਚੌਕੀਦਾਰ ਨੇ ਧੂੰਆ ਨਿਕਲਦਾ ਦੇਖ ਮਾਲਕਾਂ ਨੂੰ ਤੁਰੰਤ ਸੂਚਿਤ ਕੀਤਾ। ਜਦੋਂ ਮਾਲਕ ਮੌਕੇ ’ਤੇ ਪਹੁੰਚੇ, ਉਹਨਾਂ ਨੇ ਵੇਖਿਆ ਕਿ ਦੁਕਾਨ ਅੰਦਰ ਅੱਗ ਨੇ ਤੇਜ਼ੀ ਨਾਲ ਕਈ ਕੀਮਤੀ ਸਮਾਨ ਨੂੰ ਲਪੇਟ ਵਿੱਚ ਲੈ ਲਿਆ ਸੀ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਗਭਗ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ
ਦੁਕਾਨ ਮਾਲਕ ਹਰਪ੍ਰੀਤ ਸਿੰਘ ਵਿੱਕੀ ਦੇ ਅਨੁਸਾਰ, ਰਾਤ ਸਵਾ ਦੋ ਵਜੇ ਚੌਕੀਦਾਰ ਵੱਲੋਂ ਸੂਚਨਾ ਮਿਲੀ ਸੀ। ਕਨਫੈਕਸਰੀ ਵਿੱਚ ਮੌਜੂਦ ਮਹਿੰਗੇ ਰੈਫਰਜਰੇਟਰ ਅਤੇ ਹੋਰ ਬਹੁਤ ਸਾਰਾ ਸਮਾਨ ਅੱਗ ਨਾਲ ਸੜ ਕੇ ਖਤਮ ਹੋ ਗਿਆ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ, ਨੁਕਸਾਨ ਦੀ ਸਹੀ ਰਕਮ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਪੁਲਿਸ ਵੀ ਮੌਕੇ ’ਤੇ ਪਹੁੰਚੀ
ਸੀਟ ਪੁਲਿਸ ਸਮਾਣਾ ਦੇ ਸਹਾਇਕ ਥਾਣੇਦਾਰ ਧਰਮਿੰਦਰ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੀ ਬਿਜਲੀ ਸਪਲਾਈ ਤੁਰੰਤ ਬੰਦ ਕਰਵਾਈ ਗਈ। ਪੁਲਿਸ ਅੱਗ ਦੇ ਕਾਰਣ ਅਤੇ ਹੋਰ ਤੱਥਾਂ ਦੀ ਜਾਂਚ ਕਰ ਰਹੀ ਹੈ।