ਬਿਜਲੀ ਤਾਰਾਂ ਨੂੰ ਲੱਗੀ ਭਿਆਨਕ ਅੱਗ, ਲੋਕਾਂ ‘ਚ ਮਚੀ ਹਫੜਾ-ਦਫੜੀ
Ludhiana Fire Incident; ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਉਸ ਸਮੇਂ ਭਾਰੀ ਹਫੜਾ-ਦਫੜੀ ਮਚ ਗਈ, ਜਦੋਂ ਸੜਕ ਕਿਨਾਰੇ ਪਈਆਂ ਸਰਕਾਰੀ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਅਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇਣ ਲੱਗਾ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਅਨੁਸਾਰ, ਅੱਗ ਦੀਆਂ ਲਪਟਾਂ ਕਾਫੀ ਉੱਚੀਆਂ ਉੱਠ ਰਹੀਆਂ ਸਨ ਅਤੇ ਦੂਰ-ਦੂਰ ਤੱਕ ਧੂੰਆਂ ਫੈਲ ਚੁੱਕਾ ਸੀ। ਸੜਕ ਕਿਨਾਰੇ ਖੁੱਲ੍ਹੇ ਵਿੱਚ ਪਈਆਂ ਇਹ ਸਰਕਾਰੀ ਬਿਜਲੀ ਦੀਆਂ ਤਾਰਾਂ ਅਚਾਨਕ ਅੱਗ ਫੜ ਗਈਆਂ, ਜਿਸ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ।
ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਫਾਇਰ ਕਰਮਚਾਰੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਅਤੇ ਸਬੰਧਤ ਵਿਭਾਗ ਹੁਣ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ।