ਕਪੂਰਥਲਾ ਦੇ ਇੱਕ ਹੈਲਥ ਕਲੱਬ ‘ਚ ਨੌਜਵਾਨ ਦੀ ਮੌਤ, ਬਾਥਰੂਮ ਵਿੱਚ ਟੀਕਾ ਲਾਉਂਦਿਆ ਵਾਪਰਿਆ ਭਾਣਾ

Kapurthala News: ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
Young Man Found Died: ਅੱਜ ਸਵੇਰੇ ਕਪੂਰਥਲਾ ਦੇ ਜੱਲੋਖਾਨਾ ਇਲਾਕੇ ਦੇ ਨੇੜੇ ਇੱਕ ਹੈਲਥ ਕਲੱਬ ਵਿੱਚ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਣ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀਸੀਆਰ ਅਤੇ ਸਿਟੀ ਪੁਲਿਸ ਥਾਣਾ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਹੈਲਥ ਕਲੱਬ ਦੇ ਬਾਥਰੂਮ ਵਿੱਚ ਆਪਣੇ ਆਪ ਨੂੰ ਟੀਕਾ ਲਗਾਇਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
ਪਿਛਲੇ ਤਿੰਨ ਮਹੀਨਿਆਂ ਤੋਂ ਜਿੰਮ ਲਗਾਉਣ ਆਉਂਦਾ ਸੀ ਮ੍ਰਿਤਕ
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਖੇੜਾ ਮਾਝਾ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਪਾਵਰ ਹੈਲਥ ਕਲੱਬ ਵਿੱਚ ਜਿੰਮ ਲਗਾਉਣ ਲਈ ਆ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ, ਉਹ ਅੱਜ ਵੀ ਕਲੱਬ ਆਇਆ ਸੀ। ਕੁਝ ਸਮੇਂ ਬਾਅਦ, ਉਹ ਕਲੱਬ ਦੇ ਬਾਥਰੂਮ ਵਿੱਚ ਗਿਆ ਪਰ ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਉਸਦੇ ਦੋਸਤਾਂ ਨੇ ਉਸਨੂੰ ਬਾਥਰੂਮ ਦੇ ਅੰਦਰ ਮ੍ਰਿਤਕ ਦੇਖਿਆ। ਉਸ ਦੇ ਨੇੜੇ ਹੀ ਇੱਕ ਸਰਿੰਜ ਵੀ ਪਈ ਮਿਲੀ। ਪੀਸੀਆਰ ਅਤੇ ਸਿਟੀ ਥਾਣਾ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।