ਆਪ MLA ਮਨਵਿੰਦਰ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਮੰਗੀ ਮੁਆਫ਼ੀ
ਅੰਮ੍ਰਿਤਸਰ: ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਚਿੱਠੀ ਸਾਹਮਣੇ ਆਈ ਹੈ। ਇਹ ਚਿੱਠੀ 2 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਗਈ ਸੀ। ਇਸ ਵਿੱਚ ਮਨਵਿੰਦਰ ਗਿਆਸਪੁਰਾ ਨੇ ਆਪਣੀਆਂ ਜਾਣੇ-ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਮੁਆਫ਼ੀ ਮੰਗੀ ਹੈ। ਚਿੱਠੀ ਵਿੱਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣੀਆਂ ਭੁੱਲਾਂ ਲਈ ਖਿਮਾ ਯਾਚਨਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ (ਤਨਖਾਹ) ਲਗਵਾਉਣ ਲਈ ਸਮਾਂ ਦੇਣ ਦੀ ਬੇਨਤੀ ਵੀ ਕੀਤੀ ਹੈ।
ਜਥੇਦਾਰ ਸਾਹਿਬ ਦੇ ਫ਼ੈਸਲੇ ਦੀ ਉਡੀਕ
ਮਨਵਿੰਦਰ ਗਿਆਸਪੁਰਾ ਵੱਲੋਂ ਚਿੱਠੀ ਭੇਜੇ ਜਾਣ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਜਥੇਦਾਰ ਸਾਹਿਬ ਵੱਲੋਂ ਉਨ੍ਹਾਂ ਨੂੰ ਕਦੋਂ ਪੇਸ਼ ਹੋਣ ਲਈ ਬੁਲਾਇਆ ਜਾਂਦਾ ਹੈ ਅਤੇ ਇਸ ਮਾਮਲੇ ਵਿੱਚ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ।
(ਮਨਵਿੰਦਰ ਗਿਆਸਪੁਰਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ)
ਸੇਵਾ ਵਿਖੇ,
ਸਤਿਕਾਰਯੋਗ ਜਥੇਦਾਰ ਸਾਹਿਬ ਜੀ,
ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ।
ਵਿਸ਼ਾ: ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਅਤੇ ਤਨਖਾਹ ਲਗਵਾਉਣ ਸਬੰਧੀ ਬੇਨਤੀ।
ਸਤਿਕਾਰਯੋਗ ਜਥੇਦਾਰ ਸਾਹਿਬ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਵੱਲੋਂ ਮੈਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਦੇ ਸੰਦਰਭ ਵਿੱਚ ਮੈਂ ਇਹ ਪੱਤਰ ਪੂਰੀ ਨਿਮਰਤਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਖ ਰਿਹਾ ਹਾਂ।
ਮੇਰਾ ਸਾਰਾ ਪਰਿਵਾਰ ਸਿੱਖੀ ਨੂੰ ਸਮਰਪਿਤ ਹੈ ਅਤੇ ਮੈਂ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਹਾਂ। ਮੈਂ ਪੰਜ ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ। ਆਪਣੀ ਸਮਰੱਥਾ ਅਨੁਸਾਰ ਮੈਂ ਹਮੇਸ਼ਾ ਸਿੱਖੀ ਦੀ ਚੜ੍ਹਦੀ ਕਲਾ, ਮਜ਼ਲੂਮਾਂ ਦੇ ਹੱਕ ਅਤੇ ਪੰਥਕ ਕਾਰਜਾਂ ਲਈ ਆਪਣੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
ਭਾਵੇਂ ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਦਾ ਮਸਲਾ ਹੋਵੇ, ਕਿਸਾਨ ਸੰਘਰਸ਼ ਹੋਵੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲਿਆ ਸੰਘਰਸ਼—ਮੈਂ ਹਰ ਮੌਕੇ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਸੇਵਾ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਪੰਥਕ ਅਤੇ ਸਮਾਜਿਕ ਕਾਰਜਾਂ ਦੌਰਾਨ ਮੈਨੂੰ ਆਪਣੀ ਨੌਕਰੀ ਤੱਕ ਗੁਆਉਣੀ ਪਈ ਅਤੇ ਜੇਲ੍ਹ ਵੀ ਜਾਣਾ ਪਿਆ, ਪਰ ਇਸ ਸਭ ਦੇ ਬਾਵਜੂਦ ਮੇਰਾ ਗੁਰੂ ਅਤੇ ਸਿੱਖੀ ਪ੍ਰਤੀ ਵਿਸ਼ਵਾਸ ਕਦੇ ਡੋਲਿਆ ਨਹੀਂ।
ਜਿਸ ਸੰਦਰਭ ਵਿੱਚ ਆਪ ਜੀ ਵੱਲੋਂ ਮੈਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ, ਉਸ ਬਾਰੇ ਮੈਂ ਆਪਣਾ ਸਪਸ਼ਟੀਕਰਨ ਪਹਿਲਾਂ ਹੀ ਦੇ ਚੁੱਕਾ ਹਾਂ, ਜੋ ਮੇਰੇ ਫੇਸਬੁੱਕ ਪੰਨੇ ਉੱਤੇ ਵੀ ਮੌਜੂਦ ਹੈ। ਮੇਰੀ ਗੱਲਬਾਤ ਅਤੇ ਬਿਆਨ ਨੂੰ ਮੀਡੀਆ ਦੇ ਇੱਕ ਹਿੱਸੇ ਵੱਲੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ, ਜਿਸ ਕਾਰਨ ਸਥਿਤੀ ਦਾ ਉਹ ਰੂਪ ਸਾਹਮਣੇ ਆਇਆ ਜੋ ਮੇਰੇ ਅਸਲ ਭਾਵਾਂ ਦੀ ਪੂਰੀ ਤਰ੍ਹਾਂ ਤਰਜਮਾਨੀ ਨਹੀਂ ਕਰਦਾ।
ਫਿਰ ਵੀ, ਮੈਂ ਕਿਸੇ ਤਰ੍ਹਾਂ ਦਾ ਵਾਦ-ਵਿਵਾਦ ਜਾਂ ਬਹਿਸ ਨਹੀਂ ਕਰਨਾ ਚਾਹੁੰਦਾ। ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹਨ। ਪੰਥਕ ਮਰਯਾਦਾ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਪ੍ਰਤੀ ਮੇਰੇ ਮਨ ਵਿੱਚ ਹਮੇਸ਼ਾ ਪੂਰਾ ਸਤਿਕਾਰ ਰਿਹਾ ਹੈ ਅਤੇ ਰਹੇਗਾ।
ਜੇ ਮੇਰੇ ਵੱਲੋਂ ਜਾਣੇ-ਅਣਜਾਣੇ ਵਿੱਚ ਕੋਈ ਭੁੱਲ, ਗਲਤੀ ਜਾਂ ਅਜਿਹਾ ਕਾਰਜ ਹੋਇਆ ਹੈ ਜਿਸ ਨਾਲ ਪੰਥਕ ਮਰਯਾਦਾ ਨੂੰ ਠੇਸ ਪਹੁੰਚੀ ਹੋਵੇ, ਤਾਂ ਮੈਂ ਉਸ ਲਈ ਨਿਮਰਤਾ ਸਹਿਤ ਖਿਮਾ ਦਾ ਜਾਚਕ ਹਾਂ। ਮੈਂ ਆਪਣੀ ਭੁੱਲ ਨੂੰ ਸਵੀਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦਾ ਹਾਂ ਅਤੇ ਆਪ ਜੀ ਪਾਸੋਂ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਹੋਈਆਂ ਜਾਣੇ-ਅਣਜਾਣੇ ਦੀਆਂ ਭੁੱਲਾਂ ਨੂੰ ਬਖ਼ਸ਼ਿਆ ਜਾਵੇ ਅਤੇ ਮੈਨੂੰ ਗੁਰੂ ਘਰ ਦੀ ਸੇਵਾ ਨਾਲ ਮੁੜ ਜੋੜਿਆ ਜਾਵੇ।
ਮੈਂ ਕਿਸੇ ਵੀ ਤਰ੍ਹਾਂ ਦੀ ਨਿੱਜੀ ਸਫ਼ਾਈ ਜਾਂ ਵਾਦ-ਵਿਵਾਦ ਨੂੰ ਪਹਿਲ ਨਹੀਂ ਦੇਣਾ ਚਾਹੁੰਦਾ। ਮੇਰੀ ਇੱਕੋ ਇੱਛਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸਿੱਖ ਪੰਥ ਦੀ ਸੇਵਾ ਕਰਦਾ ਰਹਾਂ।
ਇਸ ਲਈ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਮੈਂ ਕਦੋਂ ਅਤੇ ਕਿਸ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਤਨਖਾਹ ਲਗਵਾ ਸਕਦਾ ਹਾਂ ਅਤੇ ਆਪਣੀ ਭੁੱਲ ਦਾ ਪਛਤਾਵਾ ਕਰਦਿਆਂ ਪੰਥਕ ਮਰਯਾਦਾ ਅਨੁਸਾਰ ਸੇਵਾ ਨਿਭਾ ਸਕਦਾ ਹਾਂ।
ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਾਂਗਾ।
ਆਪ ਜੀ ਦਾ ਨਿਮਾਣਾ ਸੇਵਕ,
ਮਨਵਿੰਦਰ ਸਿੰਘ ਗਿਆਸਪੁਰਾ
ਪੁੱਤਰ ਸ. ਗੁਰਮੇਲ ਸਿੰਘ
ਪਿੰਡ ਗਿਆਸਪੁਰਾ
ਜ਼ਿਲ੍ਹਾ ਲੁਧਿਆਣਾ, ਪੰਜਾਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।