ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ
Naitik murder case-Chandigarh encounter; ਚੰਡੀਗੜ੍ਹ ਦੇ ਸਾਬਕਾ ਸਕੂਲੀ ਵਿਦਿਆਰਥੀ ਨੈਤਿਕ ਖੰਡੇਲਵਾਲ (17) ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-50 ਦੇ ਜੰਗਲ ਵਿੱਚ ਹਥਿਆਰ ਬਰਾਮਦ ਕਰਨ ਦੌਰਾਨ ਮੁਲਜ਼ਮ ਸ਼ੂਟਰ ਮਨਮੀਤ ਮਹਿਰ ਉਰਫ਼ ਮਨ ’ਤੇ ਗੋਲੀ ਚਲਾਈ, ਜਿਸ ਕਾਰਨ ਉਹ ਲੱਤ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਕ, ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕੀਤੀ ਸੀ। ਇਸ ਦੌਰਾਨ ਏਐੱਸਆਈ ਪ੍ਰਦੀਪ ਦੀ ਜਾਨ ਬੁਲੇਟਪਰੂਫ਼ ਜੈਕੇਟ ਕਾਰਨ ਬਚ ਗਈ।
ਚੰਡੀਗੜ੍ਹ ਆਪਰੇਸ਼ਨ ਸੈੱਲ ਦੇ ਡੀਐੱਸਪੀ ਰਣਜੋਤ ਸਿੰਘ ਮੁਤਾਬਕ, ਨੈਤਿਕ ਕਤਲ ਮਾਮਲੇ ਵਿੱਚ ਅਰਸ਼ ਮਹਿਰ ਅਤੇ ਉਸ ਦੇ ਭਰਾ ਮਨ ਮਹਿਰ ਨੂੰ ਸ਼ੁੱਕਰਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸ਼ਨੀਵਾਰ ਸਵੇਰੇ ਇੰਸਪੈਕਟਰ ਸੇਖੋਂ ਦੀ ਅਗਵਾਈ ਹੇਠ ਪੁਲਿਸ ਦੋਵਾਂ ਨੂੰ ਸੈਕਟਰ-50 ਦੇ ਜੰਗਲ ਵਿੱਚ ਲੈ ਕੇ ਗਈ, ਜਿੱਥੇ ਉਨ੍ਹਾਂ ਵੱਲੋਂ ਲੁਕਾਏ ਗਏ ਹਥਿਆਰ ਬਰਾਮਦ ਕੀਤੇ ਜਾਣੇ ਸਨ।
ਪੁਲਿਸ ਅਨੁਸਾਰ, ਪਹਿਲੀ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਦੂਜੀ ਪਿਸਤੌਲ ਦੀ ਤਲਾਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮਨ ਮਹਿਰ ਨੇ ਕਥਿਤ ਤੌਰ ’ਤੇ ਲੁਕਾਈ ਹੋਈ ਪਿਸਤੌਲ ਚੁੱਕ ਕੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਗੋਲੀ ਏਐੱਸਆਈ ਪ੍ਰਦੀਪ ਦੀ ਛਾਤੀ ’ਤੇ ਲੱਗੀ, ਪਰ ਬੁਲੇਟਪਰੂਫ਼ ਜੈਕੇਟ ਨੇ ਉਨ੍ਹਾਂ ਨੂੰ ਗੰਭੀਰ ਸੱਟ ਤੋਂ ਬਚਾ ਲਿਆ। ਪੁਲਿਸ ਮੁਤਾਬਕ, ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਦੋ ਫਾਇਰ ਕੀਤੇ, ਜਦਕਿ ਮੁਲਜ਼ਮ ਵੱਲੋਂ ਇੱਕ ਫਾਇਰ ਕੀਤਾ ਗਿਆ। ਇਸ ਦੌਰਾਨ ਮਨਮीत ਦੀ ਲੱਤ ਵਿੱਚ ਗੋਲੀ ਲੱਗੀ।
ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣ ਕਾਰਨ ਵਧੀ ਸੀ ਰੰਜਿਸ਼
ਪੁਲਿਸ ਜਾਂਚ ਮੁਤਾਬਕ, ਨੈਤਿਕ ਖੰਡੇਲਵਾਲ ਦੀ ਹੱਤਿਆ ਪੁਰਾਣੀ ਰੰਜਿਸ਼ ਕਾਰਨ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੈਤਿਕ ਆਪਣੇ ਦੋਸਤ ਨਾਲ ਸੈਕਟਰ-44 ਵਿੱਚ ਘੁੰਮ ਰਿਹਾ ਸੀ। ਇਸ ਦੌਰਾਨ ਉਸ ਦਾ ਸੈਕਟਰ-43 ਦੇ ਰਹਿਣ ਵਾਲੇ ਇੱਕ ਨਾਬਾਲਗ ਅਤੇ ਅਰਸ਼ ਮਹਿਰ ਨਾਲ ਝਗੜਾ ਹੋ ਗਿਆ। ਦੋਸ਼ ਹੈ ਕਿ ਇਸ ਝਗੜੇ ਦੌਰਾਨ ਨੈਤਿਕ ਅਤੇ ਉਸ ਦੇ ਸਾਥੀ ਨੇ ਨਾਬਾਲਗ ਨਾਲ ਕੁੱਟਮਾਰ ਕੀਤੀ ਅਤੇ ਇਸ ਦੀ ਵੀਡੀਓ ਬਣਾ ਲਈ। ਅਰਸ਼ ਨਾਲ ਵੀ ਕੁੱਟਮਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਬਾਅਦ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਗਈ।
ਪੁਲਿਸ ਦੇ ਮੁਤਾਬਕ, ਵੀਡੀਓ ਵਾਇਰਲ ਹੋਣ ਤੋਂ ਨਾਰਾਜ਼ ਅਰਸ਼ ਨੇ ਬਦਲਾ ਲੈਣ ਲਈ ਆਪਣੇ ਭਰਾ ਮਨਮੀਤ ਸਿੰਘ ਨੂੰ ਖਰੜ ਤੋਂ ਬੁਲਾਇਆ। ਪੁਲਿਸ ਸੂਤਰਾਂ ਅਨੁਸਾਰ, ਮਨਮੀਤ ਨੂੰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਲੱਕੀ ਪਟਿਆਲ ਦੇ ਨੈੱਟਵਰਕ ਦਾ ਸ਼ੂਟਰ ਦੱਸਿਆ ਜਾ ਰਿਹਾ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਤਲ ਲਈ ਸੁਪਾਰੀ ਦਿੱਤੀ ਗਈ ਸੀ ਜਾਂ ਨਹੀਂ।
ਸੈਕਟਰ-22 ’ਚ ਨੈਤਿਕ ਦੀ ਉਡੀਕ ਕਰ ਰਹੇ ਸਨ ਮੁਲਜ਼ਮ
ਜਾਂਚ ਅਨੁਸਾਰ, ਅਰਸ਼, ਮਨਮੀਤ ਅਤੇ ਇੱਕ ਨਾਬਾਲਗ ਸੈਕਟਰ-22 ਵਿੱਚ ਸਨਾਤਨ ਧਰਮ ਮੰਦਰ ਦੇ ਬਾਹਰ ਨੈਤਿਕ ਦੀ ਉਡੀਕ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਬੁਲੇਟ ਮੋਟਰਸਾਈਕਲ ’ਤੇ ਉੱਥੇ ਪਹੁੰਚੇ ਸਨ। ਕੁਝ ਸਮੇਂ ਬਾਅਦ ਨੈਤਿਕ ਆਪਣੇ ਸਾਥੀ ਨਾਲ ਆਟੋ ਵਿੱਚ ਉੱਥੇ ਪਹੁੰਚਿਆ।
ਮੁਲਜ਼ਮਾਂ ਨੂੰ ਦੇਖ ਕੇ ਨੈਤਿਕ ਨੇ ਆਟੋ ਚਾਲਕ ਸਿਕੰਦਰ ਨੂੰ ਆਟੋ ਭਜਾਉਣ ਲਈ ਕਿਹਾ। ਇਸੇ ਦੌਰਾਨ ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਨੈਤਿਕ ਦੀ ਛਾਤੀ ਵਿੱਚ ਲੱਗੀ, ਜਦਕਿ ਦੂਜੀ ਆਟੋ ਚਾਲਕ ਸਿਕੰਦਰ ਦੇ ਮੋਢੇ ਨੂੰ ਛੂਹ ਕੇ ਲੰਘ ਗਈ। ਗੰਭੀਰ ਜ਼ਖ਼ਮੀ ਨੈਤਿਕ ਕੁਝ ਦੂਰ ਜਾ ਕੇ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਨਮੀਤ ਦੇ ਪਿਤਾ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ’ਚ ਤਾਇਨਾਤ
ਪੁਲਿਸ ਸੂਤਰਾਂ ਮੁਤਾਬਕ, ਮਨਮੀਤ ਮਹਿਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦਾ ਪੁੱਤਰ ਹੈ। ਜਾਂਚ ਦੌਰਾਨ ਉਸ ਦਾ ਨਾਮ ਪਹਿਲਾਂ ਵੀ ਮੋਹਾਲੀ ਦੇ ਸੈਕਟਰ-67 ਦੇ ਸਾਹਮਣੇ ਸਥਿਤ ਹੈੱਡਮਾਸਟਰ ਸੈਲੂਨ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਉਸ ਮਾਮਲੇ ਵਿੱਚ ਵੀ ਉਸ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਪੁਲਿਸ ਵੱਲੋਂ ਨੈਤਿਕ ਕਤਲ ਮਾਮਲੇ ਦੀ ਜਾਂਚ ਜਾਰੀ ਹੈ। ਕਤਲ ਦੀ ਸਾਜ਼ਿਸ਼, ਕਥਿਤ ਸੁਪਾਰੀ ਅਤੇ ਗੈਂਗਸਟਰ ਨੈੱਟਵਰਕ ਨਾਲ ਸਬੰਧਾਂ ਬਾਰੇ ਸਾਹਮਣੇ ਆਏ ਦਾਅਵਿਆਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।