ਜਲੰਧਰ ‘ਚ ਐਸਐਚਓ ਖਿਲਾਫ਼ ਵੱਡੀ ਕਾਰਵਾਈ, ਇਸ ਮਾਮਲੇ ‘ਚ ਕੀਤਾ ਮੁਅੱਤਲ
Jalandhar News: ਕੌਂਸਲਰ ਅਤੇ ਇਲਾਕਾ ਵਾਸੀਆਂ ਨੇ ਇਨਸਾਫ ਨਾ ਮਿਲਣ ‘ਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਤੇ ਕਾਰਵਾਈ ਨਾ ਹੋਣ ਦੀ ਸੂਰਤ ‘ਚ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਮੰਜੇ ਵਿਛਾ ਕੇ ਧਰਨੇ ‘ਤੇ ਬੈਠਣ ਦੀ ਚੇਤਾਵਨੀ ਦਿੱਤੀ ਸੀ।
ADCP suspended SHO: ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਐਸਐਚਓ ਹਰਦੇਵ ਸਿੰਘ ਖਿਲਾਫ਼ ਏਡੀਸੀਪੀ ਨੇ ਵੱਡੀ ਕਾਰਵਾਈ ਕੀਤੀ ਹੈ। ਭਾਰਗਵ ਕੈਂਪ ਥਾਣੇ ਦੇ ਐਸਐਚਓ ਹਰਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਧਾਰਮਿਕ ਸਥਾਨ ਪੀਰ ਦਰਗਾਹ ਵਿਖੇ ਮੁਖੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਮਹਿਲਾ ਕੌਂਸਲਰ ਦੇ ਪਤੀ ਨੇ ਥਾਣਾ ਇੰਚਾਰਜ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ।
ਮਹਿਲਾ ਕੌਂਸਲਰ ਦੇ ਪਤੀ ਨੇ ਦੋਸ਼ ਲਗਾਇਆ ਕਿ ਥਾਣਾ ਇੰਚਾਰਜ ਮੌਕੇ ‘ਤੇ ਮੌਜੂਦ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਕੌਂਸਲਰ ਅਤੇ ਇਲਾਕਾ ਵਾਸੀਆਂ ਨੇ ਇਨਸਾਫ ਨਾ ਮਿਲਣ ‘ਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਾਰਡ ਨੰਬਰ 41 ਦੀ ਮਹਿਲਾ ਕੌਂਸਲਰ ਸ਼ਬਨਮ ਦੇ ਪਤੀ ‘ਆਪ’ ਆਗੂ ਅਯੂਬ ਦੁੱਗਲ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੇਕਰ ਹਰਦੇਵ ਸਿੰਘ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਨਹੀਂ ਕਰਦਾ, ਤਾਂ ਆਉਣ ਵਾਲੇ ਦਿਨਾਂ ਵਿੱਚ ਹਮਲਾ ਕਰਨ ਵਾਲੇ ਲੋਕ ਵੀ ਗੈਂਗਸਟਰ ਬਣ ਸਕਦੇ ਹਨ।
ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦੇਣ ਦੀ ਚੇਤਾਵਨੀ
ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹਰਦੇਵ ਸਿੰਘ ਵਿਰੁੱਧ ਕਾਰਵਾਈ ਨਹੀਂ ਕੀਤੀ ਤਾਂ ਉਹ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਮੰਜੇ ਵਿਛਾ ਕੇ ਧਰਨੇ ‘ਤੇ ਬੈਠਣ ਲਈ ਮਜਬੂਰ ਹੋਣਗੇ।
ਦੂਜੇ ਪਾਸੇ, ਏਡੀਸੀਪੀ ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਹਰਦੇਵ ਸਿੰਘ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਹਰਦੇਵ ਸਿੰਘ ਨੂੰ ਥਾਣੇ ਵਿੱਚ ਡੀਡੀਆਰ ਦਰਜ ਕਰਵਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਸਆਈ ਸੁਖਵੰਤ ਸਿੰਘ ਥਾਣੇ ਵਿੱਚ ਐਸਐਚਓ ਦਾ ਕੰਮ ਕਾਰਜਕਾਰੀ ਐਸਐਚਓ ਵਜੋਂ ਦੇਖਣਗੇ। ਏਡੀਸੀਪੀ ਗਿੱਲ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਥਾਣੇ ਦੇ ਸਾਰੇ ਐਸਐਚਓਜ਼ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।