ਸੀਐਮ ਦੇ ਦੌਰੇ ਤੋਂ ਬਾਅਦ ਸਰਹਿੰਦ ਦੇ ਲੋਕਾਂ ਨੂੰ ਮਿਲੀ ਕੂੜੇ ਦੇ ਡੰਪ ਤੋਂ ਨਿਜਾਤ, ਹੁਣ ਬਣਾਇਆ ਜਾਵੇਗਾ ਸੁੰਦਰ ਪਾਰਕ
Fatehgarh Sahib News: ਹੁਣ ਇਸ ਡੰਪ ਨੂੰ ਹਟਾ ਕੇ ਇਸ ਥਾਂ ‘ਤੇ ਸੁੰਦਰ ਪਾਰਕ ਬਣਾਉਣ ਦੀ ਤਜਵੀਜ ਲਿਆਂਦੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ।
Sirhind Garbage Dump: ਸਰਹਿੰਦ ਸ਼ਹਿਰ ਸਮੇਤ ਆਉਣ ਜਾਣ ਵਾਲੇ ਲੋਕਾਂ ਨੂੰ ਗੰਦਗੀ ਦੇ ਪੱਖ ਤੋਂ ਹੁਣ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਗੰਦੇ ਕੂੜੇ ਦੇ ਬਣੇ ਹੋਏ ਡੰਪ ਕਾਰਨ ਆਉਂਦੇ ਜਾਂਦੇ ਲੋਕਾਂ ਨੂੰ ਗੰਦੀ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਡੰਪ ਨੂੰ ਹਟਾ ਕੇ ਇਸ ਥਾਂ ‘ਤੇ ਸੁੰਦਰ ਪਾਰਕ ਬਣਾਉਣ ਦੀ ਤਜਵੀਜ ਲਿਆਂਦੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਹਿੰਦ ਸ਼ਹਿਰ ਵਿੱਚੋਂ ਲੰਬੇ ਸਮੇਂ ਤੋਂ ਪਿਆ ਕੂੜਾ ਡੰਪ ਆਖ਼ਿਰਕਾਰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ ਅਤੇ ਇਥੇ ਇਕ ਪਾਰਕ ਬਣਾਇਆ ਜਾਵੇਗਾ।
ਡੰਪ ਨੂੰ ਇੱਥੋਂ ਹਟਾਉਣ ਦਾ ਵੱਡਾ ਫੈਸਲਾ
ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਇਹ ਮਾਮਲਾ ਸ਼ਹਿਰ ਨਿਵਾਸੀਆਂ ਦੀ ਮੰਗ ‘ਤੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਸਰਕਾਰ ਵੱਲੋਂ ਡੰਪ ਨੂੰ ਇੱਥੋਂ ਹਟਾਉਣ ਦਾ ਇਹ ਵੱਡਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਗੰਦਗੀ, ਬਦਬੂ ਅਤੇ ਬਿਮਾਰੀਆਂ ਦੇ ਖ਼ਤਰੇ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲੇਗਾ।
ਢਿੱਲੋਂ ਨੇ ਦੱਸਿਆ ਕਿ ਕੂੜੇ ਦੇ ਡੰਪ ਕਾਰਨ ਸ਼ਹਿਰ ਦੀ ਸੁੰਦਰਤਾ ਤਾਂ ਖ਼ਰਾਬ ਹੋ ਰਹੀ ਸੀ, ਨਾਲ ਹੀ ਮੱਛਰ, ਮੱਖੀਆਂ ਅਤੇ ਹੋਰ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਸੀ। ਸ਼ਹਿਰੀ ਪ੍ਰਸ਼ਾਸਨ ਅਤੇ ਕੂੜਾ ਪ੍ਰਬੰਧਨ ਵਿਭਾਗ ਦੀ ਸਾਂਝੀ ਮਿਹਨਤ ਨਾਲ ਇਹ ਵੱਡਾ ਕੰਮ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਫ਼–ਸੁਥਰੇ ਮਾਹੌਲ ਨਾਲ ਨਾ ਸਿਰਫ਼ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਮਿਲੇਗਾ, ਸਗੋਂ ਸ਼ਹਿਰ ਵਿੱਚ ਆਉਣ ਵਾਲੇ ਸੈਲਾਨੀਆਂ ’ਤੇ ਵੀ ਚੰਗਾ ਪ੍ਰਭਾਵ ਪਏਗਾ।
ਸ਼ਹਿਰਵਾਸੀਆਂ ਨੂੰ ਕੂੜਾ ਸੜਕਾਂ ‘ਤੇ ਨਾ ਸੁੱਟਣ ਦੀ ਅਪੀਲ
ਨਾਲ ਹੀ ਢਿੱਲੋਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਕੂੜਾ ਸੜਕਾਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਸੁੱਟਣ ਦੀ ਬਜਾਏ ਨਿਰਧਾਰਤ ਥਾਵਾਂ ’ਤੇ ਹੀ ਪਾਉਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਂ ਪ੍ਰਸ਼ਾਸਨ ਤਦੋਂ ਹੀ ਕਾਮਯਾਬ ਹੋ ਸਕਦਾ ਹੈ ਜਦੋਂ ਲੋਕ ਖੁਦ ਵੀ ਆਪਣਾ ਯੋਗਦਾਨ ਪਾਉਣ।
ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਯਕੀਨ ਦਿਵਾਇਆ ਕਿ ਆਉਣ ਵਾਲੇ ਸਮੇਂ ‘ਚ ਹੋਰ ਵੀ ਵੱਡੇ ਪੱਧਰ ’ਤੇ ਸ਼ਹਿਰ ਦੀ ਸੁੰਦਰਤਾ ਅਤੇ ਸਫ਼ਾਈ ਲਈ ਯੋਜਨਾਵਾਂ ਬਣਾਈਆਂ ਜਾਣਗੀਆਂ, ਤਾਂ ਜੋ ਨਗਰ ਵਾਸੀਆਂ ਨੂੰ ਰਹਿਣ ਲਈ ਸਿਹਤਮੰਦ ਅਤੇ ਸੁਖਦਾਈ ਮਾਹੌਲ ਮਿਲੇ।