Air India ਨੂੰ ਮਿਲਿਆ ਨਵਾਂ CEO, ਟੇਵੋਲਡੇ ਗੇਬ੍ਰੇਮਾਰਿਅਮ ਸੰਭਾਲਣਗੇ ਕਮਾਨ
Air India CEO; ਏਅਰ ਇੰਡੀਆ ਦੇ ਬੋਰਡ ਆਫ ਡਾਇਰੈਕਟਰਜ਼ ਨੇ ਟੇਵੋਲਡੇ ਗੇਬ੍ਰੇਮਾਰਿਅਮ ਨੂੰ ਏਅਰਲਾਈਨ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਮੈਨੇਜਿੰਗ ਡਾਇਰੈਕਟਰ (MD) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਮੌਜੂਦਾ CEO ਕੈਂਪਬੈਲ ਵਿਲਸਨ ਦੀ ਜਗ੍ਹਾ ਲੈਣਗੇ।
ਟੇਵੋਲਡੇ ਗੇਬ੍ਰੇਮਾਰਿਅਮ ਨੂੰ ਦੁਨੀਆ ਦੇ ਸਭ ਤੋਂ ਕਾਮਯਾਬ ਏਵੀਏਸ਼ਨ ਅਧਿਕਾਰੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਉਹ ਇਥੋਪੀਅਨ ਏਅਰਲਾਈਨਜ਼ ਗਰੁੱਪ ਦੇ CEO ਵਜੋਂ 10 ਸਾਲ ਤੋਂ ਵੱਧ ਸਮਾਂ ਕੰਮ ਕਰ ਚੁੱਕੇ ਹਨ।
ਇਥੋਪੀਅਨ ਏਅਰਲਾਈਨਜ਼ ਨੂੰ ਦਿੱਤੀ ਨਵੀਂ ਉਡਾਣ
ਗੇਬ੍ਰੇਮਾਰਿਅਮ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਖੇਤਰੀ ਏਅਰਲਾਈਨ ਨੂੰ ਅਫਰੀਕਾ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀ ਏਅਰਲਾਈਨ ਵਿੱਚ ਬਦਲ ਦਿੱਤਾ।
ਉਨ੍ਹਾਂ ਦੀ ਅਗਵਾਈ ਹੇਠ ਏਅਰਲਾਈਨ ਦਾ ਰੈਵਨਿਊ ਚਾਰ ਗੁਣਾ ਤੋਂ ਵੱਧ ਵਧਿਆ ਅਤੇ ਫਲੀਟ ਦਾ ਆਕਾਰ ਲਗਭਗ ਤਿੰਨ ਗੁਣਾ ਹੋ ਗਿਆ।
ਹੁਣ ਏਅਰ ਇੰਡੀਆ ਦੇ ਵਿਸਥਾਰ ‘ਤੇ ਹੋਵੇਗਾ ਫੋਕਸ
ਏਅਰ ਇੰਡੀਆ ਹੁਣ ਆਪਣੇ ਸੁਧਾਰਾਂ ਦੇ ਪਹਿਲੇ ਪੜਾਅ ਤੋਂ ਬਾਅਦ ਤੇਜ਼ ਵਿਕਾਸ ਅਤੇ ਮੁਨਾਫੇ ਵਾਲੇ ਸੰਚਾਲਨ ਦੇ ਦੌਰ ਵਿੱਚ ਦਾਖਲ ਹੋ ਰਹੀ ਹੈ। ਨਵੇਂ CEO ਕੋਲ ਲੰਬੀ ਦੂਰੀ ਵਾਲੇ ਅੰਤਰਰਾਸ਼ਟਰੀ ਨੈੱਟਵਰਕ ਦੇ ਵਿਸਥਾਰ, ਏਵੀਏਸ਼ਨ ਹੱਬ ਵਿਕਸਤ ਕਰਨ ਅਤੇ ਸੁਰੱਖਿਆ ਮਾਪਦੰਡ ਮਜ਼ਬੂਤ ਕਰਨ ਦਾ ਤਜਰਬਾ ਹੈ।
ਐਨ. ਚੰਦਰਸ਼ੇਖਰਨ ਨੇ ਕੀਤਾ ਸਵਾਗਤ
ਟਾਟਾ ਸੰਸ ਅਤੇ ਏਅਰ ਇੰਡੀਆ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਕਿਹਾ ਕਿ ਕੈਂਪਬੈਲ ਵਿਲਸਨ ਦੀ ਅਗਵਾਈ ਹੇਠ ਏਅਰਲਾਈਨ ਦੇ ਸਥਿਰਤਾ, ਏਕੀਕਰਨ ਅਤੇ ਫਲੀਟ ਨਾਲ ਜੁੜੇ ਮੁੱਢਲੇ ਕੰਮ ਪੂਰੇ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਹੁਣ ਏਅਰ ਇੰਡੀਆ ਵਿਸਥਾਰ ਅਤੇ ਬਿਹਤਰ ਪ੍ਰਦਰਸ਼ਨ ਦੇ ਮਹੱਤਵਪੂਰਨ ਦੌਰ ਵਿੱਚ ਦਾਖਲ ਹੋ ਰਹੀ ਹੈ।
ਨਵੇਂ CEO ਨੇ ਕਿਹਾ- ਏਅਰ ਇੰਡੀਆ ਨੂੰ ਬਣਾਵਾਂਗੇ ਗਲੋਬਲ ਏਅਰਲਾਈਨ
ਟੇਵੋਲਡੇ ਗੇਬ੍ਰੇਮਾਰਿਅਮ ਨੇ ਕਿਹਾ ਕਿ ਏਅਰ ਇੰਡੀਆ ਦੀ ਕਮਾਨ ਸੰਭਾਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੀ ਸ਼ਾਨਦਾਰ ਵਿਰਾਸਤ ਹੈ ਅਤੇ ਇਸਨੂੰ ਭਾਰਤ ਦੀ ਆਰਥਿਕ ਤਾਕਤ ਨੂੰ ਦਰਸਾਉਣ ਵਾਲੀ ਗਲੋਬਲ ਏਅਰਲਾਈਨ ਬਣਾਉਣਾ ਉਨ੍ਹਾਂ ਦਾ ਟੀਚਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਉਹ ਬੋਰਡ, ਕਰਮਚਾਰੀਆਂ ਅਤੇ ਸਾਰੇ ਸਾਂਝੇਦਾਰਾਂ ਨਾਲ ਮਿਲ ਕੇ ਯਾਤਰੀ ਸੇਵਾਵਾਂ, ਭਰੋਸੇਯੋਗ ਸੰਚਾਲਨ ਅਤੇ ਲੰਬੇ ਸਮੇਂ ਦੇ ਵਿਕਾਸ ‘ਤੇ ਕੰਮ ਕਰਨਗੇ।
