ਅੰਮ੍ਰਿਤਸਰ ਗੁਰਦੁਆਰਾ ਸ਼ਹੀਦਾ ਸਾਹਿਬ ਮਾਮਲਾ: ਹੋਟਲ ਕਮਰਾ ਲੱਭਣ ਵਾਲੀ ਗੱਲ ’ਤੇ ਕੁੜੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ
Amritsar Girl Assault Video; ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਨਾਲ ਜੁੜੇ ਮਾਮਲੇ ਵਿੱਚ ਇੱਕ ਕੁੜੀ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੁਪੇਹਰਾ ਸਾਹਿਬ ਕੱਟਣ ਲਈ ਪਹੁੰਚੀ ਸੰਗਤ ਨੂੰ ਹੋਟਲ ਵਿੱਚ ਕਮਰਾ ਲੱਭਣ ਦੀ ਗੱਲ ਕਹਿਣ ਵਾਲੀ ਕੁੜੀ ਨਾਲ ਉਸ ਦੇ ਜਾਣਕਾਰਾਂ ਵੱਲੋਂ ਕੁੱਟਮਾਰ ਕੀਤੀ ਗਈ।
ਕੁੜੀ ਦੀ ਪਛਾਣ ਕੋਮਲ ਵਜੋਂ ਹੋਈ ਹੈ। ਵੀਡੀਓ ਵਿੱਚ ਇੱਕ ਨੌਜਵਾਨ ਅਤੇ ਕੁਝ ਔਰਤਾਂ ਉਸ ਨਾਲ ਮਾਰ-ਕੁੱਟ ਕਰਦੇ ਦਿਖਾਈ ਦੇ ਰਹੇ ਹਨ। ਦੋਸ਼ ਹੈ ਕਿ ਉਸ ਨੂੰ ਵਾਲਾਂ ਤੋਂ ਫੜ ਕੇ ਥੱਪੜ ਮਾਰੇ ਗਏ।
ਕੁੱਟਮਾਰ ਕਰਨ ਵਾਲੇ ਨੌਜਵਾਨ ਦੀ ਪਛਾਣ ਹਨੀ ਵਜੋਂ ਹੋਈ ਹੈ। ਹਨੀ ਨੇ ਦੋਸ਼ ਲਗਾਇਆ ਹੈ ਕਿ ਕੋਮਲ ਨੇ ਹੋਟਲ ਤੋਂ ਉਸ ਦਾ ਮੋਬਾਈਲ ਚੋਰੀ ਕੀਤਾ ਸੀ, ਜਿਸ ਕਾਰਨ ਇਹ ਵਿਵਾਦ ਹੋਇਆ। ਉਸ ਦਾ ਕਹਿਣਾ ਹੈ ਕਿ ਸੀਸੀਟੀਵੀ ਵਿੱਚ ਕੋਮਲ ਮੋਬਾਈਲ ਵਰਤਦੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਫੜਿਆ ਗਿਆ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਥਾਣਾ ਡਿਵੀਜ਼ਨ ਬੀ ਦੇ ਐੱਸਐੱਚਓ ਕਿਰਨਪ੍ਰੀਤ ਸਿੰਘ ਨੇ ਕਿਹਾ ਕਿ ਵੀਡੀਓ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਹਿਲਾਂ ਵੀਡੀਓ ਨੂੰ ਲੈ ਕੇ ਹੋਇਆ ਸੀ ਵਿਵਾਦ
ਇਸ ਮਾਮਲੇ ਦੀ ਸ਼ੁਰੂਆਤ ਕੋਮਲ ਵੱਲੋਂ 21 ਸਤੰਬਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਵੀਡੀਓ ਤੋਂ ਹੋਈ ਸੀ। ਵੀਡੀਓ ਵਿੱਚ ਉਸ ਨੇ ਹੋਟਲ ਵਿੱਚ ਆਉਣ ਵਾਲੀ ਸੰਗਤ ਬਾਰੇ ਟਿੱਪਣੀਆਂ ਕੀਤੀਆਂ ਸਨ ਅਤੇ ਕਿਹਾ ਸੀ ਕਿ ਕਈ ਲੋਕ ਹੋਟਲ ਵਿੱਚ ਕਮਰੇ ਲੈਣ ਦੀ ਗੱਲ ਕਰਦੇ ਹਨ।
ਨਿਹੰਗ ਸਿੰਘਾਂ ਨੇ ਜਤਾਈ ਇਤਰਾਜ਼
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਅਤੇ ਉੱਥੇ ਆਉਣ ਵਾਲੀ ਸੰਗਤ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਣੀਆਂ ਚਾਹੀਦੀਆਂ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਬਾਰੇ ਕੋਈ ਗਲਤ ਗੱਲ ਹੈ ਤਾਂ ਉਸ ਬਾਰੇ ਗੱਲ ਕੀਤੀ ਜਾ ਸਕਦੀ ਹੈ, ਪਰ ਪੂਰੀ ਸੰਗਤ ਜਾਂ ਗੁਰਦੁਆਰਾ ਸਾਹਿਬ ਦਾ ਨਾਮ ਇਸ ਤਰ੍ਹਾਂ ਦੇ ਮਾਮਲੇ ਨਾਲ ਜੋੜਨਾ ਠੀਕ ਨਹੀਂ ਹੈ।
ਫਿਲਹਾਲ ਪੁਲਿਸ ਵੱਲੋਂ ਵੀਡੀਓ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
