ਅੰਮ੍ਰਿਤਸਰ ਟਰੱਕ ਡਰਾਈਵਰ ਕਤਲਕਾਂਡ ਸੁਲਝਿਆ, ਪੁਲਿਸ ਨੇ ਮੁੱਖ ਆਰੋਪੀ ਕੀਤਾ ਗ੍ਰਿਫਤਾਰ
Amritsar truck driver murder case solved; ਪਿਛਲੇ ਦਿਨੀਂ ਅੰਮ੍ਰਿਤਸਰ ਦੇ ਥਾਣਾ ਸੀ ਡਿਵੀਜ਼ਨ ਇਲਾਕੇ ਵਿੱਚ ਇੱਕ ਟਰੱਕ ਅੰਦਰੋਂ ਡਰਾਈਵਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰਕੇ ਕਤਲ ਕੇਸ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਟਰੱਕ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਥਾਣਾ ਸੀ ਡਿਵੀਜ਼ਨ ਵਿੱਚ ਮੁਕੱਦਮਾ ਨੰਬਰ 49 ਦਰਜ ਕੀਤਾ ਗਿਆ।
ਮਾਮਲੇ ਦੀ ਜਾਂਚ ਇੰਸਪੈਕਟਰ ਰਾਜਵੰਤ ਕੌਰ, ਐਸਐਚਓ ਸੀ ਡਿਵੀਜ਼ਨ ਅਤੇ ਏਸੀਪੀ ਸਾਊਥ ਪ੍ਰੀਤ ਇੰਦਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ, ਜੋ ਟਰੱਕ ਡਰਾਈਵਰ ਸੀ।
ਇਸ ਮਾਮਲੇ ਵਿੱਚ ਹਰਜੀਤ ਸਿੰਘ ਉਰਫ਼ ਜੀਤੂ ਵਾਸੀ ਪਿੰਡ ਮੂਲੇ ਚੱਕ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਵੀ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਪੁਲਿਸ ਮੁਤਾਬਕ ਕੁਝ ਦਿਨ ਪਹਿਲਾਂ ਦੋਸ਼ੀ ਨਾਲ ਕੰਮ ਦੌਰਾਨ ਅਮਾਨਤ ਵਿੱਚ ਖਿਆਨਤ ਹੋਣ ਕਾਰਨ ਉਸਦੀ ਤਕਰਾਰ ਹੋਈ ਸੀ। ਇਸ ਤੋਂ ਬਾਅਦ ਉਹ ਭੱਜ ਗਿਆ ਸੀ।
ਫਿਰ ਕੱਲ੍ਹ ਰਾਤ ਉਹ ਤਰਨ ਤਾਰਨ ਮੰਡੀ ਗਿਆ ਅਤੇ ਨਿਸ਼ਾਨ ਸਿੰਘ ਦੇ ਟਰੱਕ ‘ਤੇ ਸਵਾਰ ਹੋ ਕੇ ਕਪੂਰਥਲਾ ਵੱਲ ਚੱਲ ਪਿਆ। ਰਸਤੇ ਵਿੱਚ ਦੋਵਾਂ ਵਿਚਕਾਰ ਝਗੜਾ ਹੋ ਗਿਆ। ਜਦੋਂ ਟਰੱਕ ਮੁੰਡੀ ਮੋੜ ਨੇੜੇ ਪਹੁੰਚਿਆ ਤਾਂ ਹਰਜੀਤ ਸਿੰਘ ਨੇ ਟਰੱਕ ਵਿੱਚ ਪਿਆ ਪਾਨਾ ਚੁੱਕ ਕੇ ਨਿਸ਼ਾਨ ਸਿੰਘ ਦੇ ਸਿਰ ‘ਤੇ ਵਾਰ ਕਰ ਦਿੱਤਾ। ਜਦੋਂ ਉਹ ਅੱਧਮਰੀ ਹਾਲਤ ਵਿੱਚ ਹੋ ਗਿਆ ਤਾਂ ਦੋਸ਼ੀ ਨੇ ਪਰਨੇ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਦੋਸ਼ੀ ਨੂੰ ਕਾਬੂ ਕਰ ਲਿਆ। ਕਤਲ ਵਿੱਚ ਵਰਤਿਆ ਗਿਆ ਪਾਨਾ ਅਤੇ ਗਲ ਘੁੱਟਣ ਲਈ ਵਰਤੀ ਪੱਟੀ ਵੀ ਬਰਾਮਦ ਕਰ ਲਈ ਗਈ ਹੈ। ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਪੂਰੀ ਤਫਤੀਸ਼ ਮੁਕੰਮਲ ਕਰ ਲਈ ਜਾਵੇਗੀ।