ਜਲੰਧਰ ‘ਚ ਹਥਿਆਰਾਂ ਦੀ ਨੋਕ ‘ਤੇ ਲੁੱਟ ਕਰਨ ਵਾਲਾ ਗਿਰੋਹ ਬੇਨਕਾਬ, 5 ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ
Jalandhar Motorcycle Snatching; ਜਲੰਧਰ ਦੇ ਅਧੀਨ ਆਉਂਦੇ ਥਾਣਾ ਨੂਰਮਹਿਲ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ ਖੋਹਣ ਵਾਲੇ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਲੁੱਟ ਦੀ ਵਾਰਦਾਤ ਦੌਰਾਨ ਵਰਤੀ ਗਈ ਇੱਕ ਖਿਡੌਣਾ ਪਿਸਤੌਲ, ਲੋਹੇ ਦੀਆਂ ਦੋ ਰਾਡਾਂ ਅਤੇ ਖੋਹਿਆ ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਇਹ ਪੂਰੀ ਘਟਨਾ ਲੰਘੀ 15 ਮਈ ਨੂੰ ਵਾਪਰੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ।
ਥਾਣਾ ਨੂਰਮਹਿਲ ਦੇ ਐਸ.ਐਚ.ਓ. (SHO) ਲਾਭ ਸਿੰਘ ਨੇ ਪ੍ਰੈਸ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ ਜੰਡਿਆਲਾ (ਜਮਸ਼ੇਰ) ਦੇ ਰਹਿਣ ਵਾਲੇ ਆਕਾਸ਼ਦੀਪ ਅਤੇ ਜਗਜੀਤ (ਪੁੱਤਰ ਰਾਮ ਲੁਭਾਇਆ) ਨੇ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 15 ਮਈ 2026 ਦੀ ਸ਼ਾਮ ਕਰੀਬ 06:30 ਵਜੇ ਉਹ ਆਪਣੇ ਕਾਲੇ ਰੰਗ ਦੇ ਸਪ੍ਰੈਡਰ ਮੋਟਰਸਾਈਕਲ (ਨੰਬਰ PB 08 DM 0654) ‘ਤੇ ਸਵਾਰ ਹੋ ਕੇ ਪਿੰਡ ਭੰਡਾਲਾ ਤੋਂ ਪਿੰਡ ਸ਼ੇਖਾ ਵੱਲ ਜਾ ਰਹੇ ਸਨ।
ਜਿਵੇਂ ਹੀ ਉਹ ਪਿੰਡ ਸ਼ੇਖਾ ਦੇ ਨੇੜੇ ਪਹੁੰਚੇ, ਤਾਂ ਉੱਥੇ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਪੰਜ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਲਿਆ। ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਇੱਕ ਮੋਟਰਸਾਈਕਲ ‘ਤੇ ਸਵਾਰ ਸਨ, ਜਦਕਿ ਦੋ ਮੁਲਜ਼ਮ ਪੈਦਲ ਖੜ੍ਹੇ ਸਨ। ਇਨ੍ਹਾਂ ਮੁਲਜ਼ਮਾਂ ਨੇ ਆਕਾਸ਼ਦੀਪ ਨੂੰ ਇੱਕ ਖਿਡੌਣਾ ਪਿਸਤੌਲ ਅਤੇ ਲੋਹੇ ਦੀਆਂ ਰਾਡਾਂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਨੂੰ ਡਰਾ-ਧਮਕਾ ਕੇ ਮੋਟਰਸਾਈਕਲ ਖੋਹ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਪਿੰਡ ਸ਼ੇਖਾ ਤੋਂ ਲਿਟਰਾਂ ਵੱਲ ਫ਼ਰਾਰ ਹੋ ਗਏ।
ਫੜੇ ਗਏ ਸਾਰੇ ਮੁਲਜ਼ਮ ਨਕੋਦਰ ਇਲਾਕੇ ਦੇ ਰਹਿਣ ਵਾਲੇ
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਨਾਕਾਬੰਦੀ ਦੌਰਾਨ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਆਕਾਸ਼ ਗਿੱਲ (ਪੁੱਤਰ ਸ਼ਾਮ, ਨਿਵਾਸੀ ਮੋਹੱਲਾ ਮੁਨਾਰਾ, ਨਕੋਦਰ), ਲਵਪ੍ਰੀਤ (ਪੁੱਤਰ ਬਲਕਾਰ, ਨਿਵਾਸੀ ਮੋਹੱਲਾ ਗੁਰੂ ਨਾਨਕਪੁਰਾ, ਨਕੋਦਰ), ਅੰਮ੍ਰਿਤਪਾਲ ਉਰਫ਼ ਅੰਮ੍ਰਿਤ (ਪੁੱਤਰ ਸਤਨਾਮ, ਨਿਵਾਸੀ ਪੱਤੀ ਪੁਰੇਵਾਲ ਸ਼ੰਕਰ), ਗਗਨਦੀਪ (ਪੁੱਤਰ ਅਮਰਜੀਤ ਉਰਫ਼ ਭੂੰਡੀ, ਨਿਵਾਸੀ ਪੱਤੀ ਤਾਖਰ ਸ਼ੰਕਰ) ਅਤੇ ਗੁਰਪ੍ਰੀਤ ਸਿੰਘ (ਪੁੱਤਰ ਪਰਜੀਤ ਸਿੰਘ, ਨਿਵਾਸੀ ਚੱਕ ਮੁਗਲਾਨੀ) ਵਜੋਂ ਹੋਈ ਹੈ।
ਲੁੱਟਿਆ ਸਾਮਾਨ ਕੀਤਾ ਜ਼ਬਤ
ਪੁਲਿਸ ਨੇ ਵਾਰਦਾਤ ਵਾਲੀ ਜਗ੍ਹਾ ਦੇ ਨੇੜਿਓਂ ਹੀ ਪੰਜੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਦੌਰਾਨ ਵਰਤੀ ਗਈ ਨਕਲੀ ਪਿਸਤੌਲ, ਦੋ ਲੋਹੇ ਦੀਆਂ ਰਾਡਾਂ, ਖੋਹਿਆ ਹੋਇਆ ਸਪ੍ਰੈਡਰ ਮੋਟਰਸਾਈਕਲ ਅਤੇ ਮੁਲਜ਼ਮਾਂ ਦਾ ਆਪਣਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਸਬੰਧੀ ਏ.ਐਸ.ਆਈ. ਸੁਭਾਸ਼ ਚੰਦਰ ਵੱਲੋਂ ਥਾਣਾ ਨੂਰਮਹਿਲ ਵਿਖੇ ਮਿਤੀ 15 ਮਈ 2026 ਨੂੰ ਮੁਕੱਦਮਾ ਨੰਬਰ 70 ਦਰਜ ਕੀਤਾ ਗਿਆ ਹੈ। ਇਹ ਮਾਮਲਾ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 310(2), 126(2), ਅਤੇ 317(3) ਦੇ ਤਹਿਤ ਦਰਜ ਕਰਕੇ ਅਗਲੇਰੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।